ਜੇਕਰ ਤੁਸੀਂ ਵੀ ਚੰਦ, ਤਾਰਿਆਂ ਦੀ ਦੁਨੀਆ ‘ਚ ਗੁਆਚੇ ਰਹਿੰਦੇ ਹੋ ਅਤੇ ਖਗੋਲੀ ਘਟਨਾਵਾਂ ‘ਚ ਦਿਲਚਸਪੀ ਲੈਂਦੇ ਹੋ ਤਾਂ ਜਲਦ ਹੀ ਤੁਸੀਂ ਅਸਮਾਨ ‘ਚ ਇਕ ਸ਼ਾਨਦਾਰ ਖਗੋਲੀ ਘਟਨਾ ਦੇਖ ਸਕਦੇ ਹੋ। 28 ਮਾਰਚ ਨੂੰ ਅਸਮਾਨ ਵਿਚ ਇਕ ਦੁਰਲੱਭ ਚਮਤਕਾਰ ਹੋਣ ਜਾ ਰਿਹਾ ਹੈ ਜੋ ਕਿ ਆਮ ਤੌਰ ‘ਤੇ ਬਹੁਤ ਘੱਟ ਹੁੰਦਾ ਹੈ। 28 ਮਾਰਚ ਨੂੰ ਸਾਡੇ ਸੂਰਜੀ ਮੰਡਲ ਦੇ 5 ਗ੍ਰਹਿ ਇਕ ਸਿੱਧੀ ਰੇਖਾ ਵਿਚ ਦਿਖਾਈ ਦੇਣਗੇ ਤੇ ਅਸੀਂ ਇਨ੍ਹਾਂ ਪੰਜ ਗ੍ਰਹਿਆਂ ਨੂੰ ਧਰਤੀ ਤੋਂ ਸਿੱਧੇ ਦੇਖ ਸਕਾਂਗੇ। ਸਟਾਰਵਾਕ ਦੀ ਰਿਪੋਰਟ ਅਨੁਸਾਰ, ਬੁਧ, ਸ਼ੁੱਕਰ, ਮੰਗਲ, ਜੁਪੀਟਰ ਅਤੇ ਯੂਰੇਨਸ 28 ਮਾਰਚ ਨੂੰ ਇੱਕ ਛੋਟੇ 50-ਡਿਗਰੀ ਸੈਕਟਰ ਵਿੱਚ ਮਿਲਣਗੇ।
28 ਮਾਰਚ ਦੀ ਸ਼ਾਮ ਦੀ ਵੇਖੋ ਘਟਨਾ
ਰਿਪੋਰਟ ਮੁਤਾਬਕ 28 ਮਾਰਚ ਦੀ ਸ਼ਾਮ ਨੂੰ ਸੂਰਜ ਡੁੱਬਣ ਦੇ ਨਾਲ ਹੀ ਅਸਮਾਨ ਵਿਚ ਇਸ ਦੁਰਲੱਭ ਘਟਨਾ ਨੂੰ ਦੂਰਬੀਨ ਰਾਹੀਂ ਦੇਖਿਆ ਜਾ ਸਕਦਾ ਹੈ। ਖਗੋਲ ਵਿਗਿਆਨੀਆਂ ਦੇ ਅਨੁਸਾਰ, ਸ਼ੁੱਕਰ ਦੇ ਪੰਜ ਗ੍ਰਹਿਆਂ ‘ਚੋਂ ਸਭ ਤੋਂ ਚਮਕੀਲਾ ਨਜ਼ਰ ਆਉਣ ਦੀ ਸੰਭਾਵਨਾ ਹੈ। ਬੁੱਧ ਅਤੇ ਬ੍ਰਹਿਸਪਤੀ ਨੂੰ ਹੌਰੀਜਨ ਨੇੜੇ ਦੇਖਿਆ ਜਾ ਸਕਦਾ ਹੈ। ਇਸ ਸਮੇਂ ਦੌਰਾਨ ਬਹੁਤ ਦੂਰੀ ਹੋਣ ਕਾਰਨ ਯੂਰੇਨਸ ਨੂੰ ਦੇਖਣਾ ਮੁਸ਼ਕਲ ਹੋ ਸਕਦਾ ਹੈ। ਮੰਗਲ ਤੇ ਚੰਦਰਮਾ ਬਹੁਤ ਨੇੜੇ ਦਿਖਾਈ ਦੇਣਗੇ।
ਜੂਨ 2022 ‘ਚ ਦੇਖੀ ਗਈ ਸੀ ਅਜਿਹੀ ਖਗੋਲੀ ਘਟਨਾ
ਆਖਰੀ ਵਾਰ ਅਜਿਹੀ ਘਟਨਾ ਜੂਨ 2022 ਵਿਚ ਹੋਈ ਸੀ। ਇਸ ਤੋਂ ਬਾਅਦ 11 ਅਪ੍ਰੈਲ ਨੂੰ ਬੁੱਧ, ਯੂਰੇਨਸ, ਸ਼ੁੱਕਰ, ਮੰਗਲ ਇਕੱਠੇ ਨਜ਼ਰ ਆਉਣਗੇ ਤਾਂ 24 ਅਪ੍ਰੈਲ ਨੂੰ ਮੁੜ ਬੁੱਧ, ਯੂਰੇਨਸ, ਸ਼ੁੱਕਰ ਤੇ ਮੰਗਲ ਇਕ ਸਿੱਧੀ ਰੇਖਾ ਵਿਚ ਦਿਖਾਈ ਦੇਣਗੇ। ਯੂਰੇਨਸ, ਬੁੱਧ, ਜੁਪੀਟਰ ਅਤੇ ਸ਼ਨੀ 29 ਮਈ ਨੂੰ ਨਜ਼ਰ ਆਉਣਗੇ। ਇਸ ਤੋਂ ਬਾਅਦ 17 ਜੂਨ ਨੂੰ ਬੁਧ, ਯੂਰੇਨਸ, ਬ੍ਰਹਿਸਪਤੀ, ਨੇਪਚਿਊਨ ਤੇ ਸ਼ਨੀ ਇਕ ਸਿੱਧੀ ਰੇਖਾ ਵਿਚ ਦਿਖਾਈ ਦੇਣਗੇ।