ਪਟਿਆਲਾ, 28 ਮਾਰਚ 2023 – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅੱਜ ਸਰਕਾਰ ਦੀ ਨਲਾਇਕੀ ਕਰਕੇ ਵਿੱਤੀ ਬੋਝ ਹੇਠਾਂ ਦੱਬੇ ਪੀਐੱਸਪੀਸੀਅੇੱਲ ਨੂੰ 190 ਕਰੋੜ ਰੁਪਏ ਦੀ ਹੋਰ ਮਾਰ ਪੈ ਗਈ ਹੈ। ਇਹ ਕਰੋੜਾਂ ਦਾ ਬੋਝ ਇਕੱਲਾ ਪੀਐੱਸਪੀਸੀਐੱਲ ’ਤੇ ਨਹੀਂ ਸਗੋਂ ਸਿੱਧੇ ਜਾਂ ਅਸਿੱਧੇ ਤੌਰ ’ਤੇ ਪੰਜਾਬ ਦੇ ਆਮ ਲੋਕਾਂ ’ਤੇ ਹੀ ਪੈਣ ਵਾਲਾ ਹੈ। ਚੰਦੂਮਾਜਰਾ ਨੇ ਕਿਹਾ ਕਿ ਇਸ ਮਸਲੇ ਦੀ ਗੰਭੀਰਤਾ ਨੂੰ ਸਮਝਦਿਆਂ ਸਰਕਾਰ ਸਪਸ਼ਟ ਕਰੇ ਕਿ ਆਖਿਰ ਇਹ ਵਿੱਤੀ ਬੋਝ ਕਿਸ ਦੀ ਨਲਾਇਕੀ ਕਰਕੇ ਹੋਇਆ ਤੇ ਵਿੱਤੀ ਬੋਝ ਲੋਕਾਂ ’ਤੇ ਪਾਉਣ ਦੀ ਬਜਾਏ ਜਿੰਮੇਵਾਰਾਂ ਦੀਆਂ ਜੇਬਾਂ ਵਿਚੋਂ ਹੀ ਭਰਵਾਇਆ ਜਾਵੇ। ਸਾਬਕਾ ਵਿਧਾਇਕ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਕੀ ਮੌਜੂਦਾ ਸਰਕਾਰ ਵਲੋਂ ਸੁਪਰੀਮ ਕੋਰਟ ਵਿੱਚ ਕੇਸ ਨੂੰ ਢੰਗ ਨਾਲ ਪੈਰਵਾਈ ਨਹੀਂ ਹੋਈ? ਜਾਂ ਰਕਮ ਰੋਕਣਾ ਹੀ ਗਲਤ ਸੀ। ਮਸਲਾ ਪੰਜਾਬ ਦੇ ਲੋਕਾਂ ਨਾਲ ਜੁੜਿਆ ਹੋਇਆ ਹੈ ਇਸ ਸਭ ਦੀ ਜਾਂਚ ਹੋਣੀ ਚਾਹੀਦੀ ਹੈ।
ਸਾਬਕਾ ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਬਿਜਲੀ ਸਮਝੌਤੇ ਹੋਏ ਤੇ ਪੰਜਾਬ ਬਿਜਲੀ ਸਰਪਲਸ ਸੂਬਾ ਬਣਿਆ ਸੀ, ਜੋਕਿ ਵਿਰੋਧੀ ਪਾਰਟੀਆਂ ਨੂੰ ਕਦੇ ਹਜ਼ਮ ਨਹੀਂ ਆਇਆ ਤੇ ਇਨਾਂ ਨੂੰ ਨਿੰਦਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਕਾਂਗਰਸ ਤੇ ਮੌਜ਼ੂਦਾ ਸਰਕਾਰ ਨੇ ਫੋਕੀ ਸ਼ੋਹਰਤ ਲਈ ਹਮੇਸ਼ਾ ਪੀਪੀਏ ਨੂੰ ਮੁੱਦਾ ਬਣਾਇਆ, ਕਦੇ ਕਿਸੇ ਮੰਤਰੀ ਵਲੋਂ ਵ੍ਹਾਈਟ ਪੇਪਰ ਪੇਸ਼ ਕਰਨ ਦੀ ਗੱਲ ਕਹੀ ਗਈ ਜੋ ਕਦੇ ਪੂਰੀ ਨਾ ਹੋਈ। ਮੌਜ਼ੂਦਾ ਸਰਕਾਰ ਵੀ ਪੀਪੀਏ ਵਿਚ ਨੁਕਸ ਕੱਢਣ ਵਿਚ ਸਫਲ ਨਹੀਂ ਹੋ ਸਕੀ ਹੈ। ਚੰਦੂਮਾਜਰਾ ਨੇ ਕਿਹਾ ਕਿ ਪੀਪੀਏ ਕੋਈ ਇਕ ਧਿਰੀਂ ਸਮਝੌਤਾ ਨਹੀਂ ਸੀ ਸਗੋਂ ਇਕ ਐਸਬੀਟੀ ਦੇ ਆਧਾਰ ’ਤੇ ਪੂਰੀ ਕਾਨੂੰਨੀ ਤੌਰ ’ਤੇ ਤਿਆਰ ਕੀਤਾ ਗਿਆ ਪ੍ਰੋਫਾਰਮਾ ਹੈ। ਪਰ ਵੱਖ-ਵੱਖ ਸਿਆਸੀ ਪਾਰਟੀਆਂ ਨੇ ਪੰਜਾਬ ਦੇ ਹਿੱਤਾਂ ਨੂੰ ਇਕ ਪਾਸੇ ਰੱਖੇ ਕੇ ਪੀਪੀਏ ’ਤੇ ਕੋਝੀ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੈ ਕਿ ਪੰਜਾਬ ਵਿਚ 680 ਕਰੋੜ ਦੀ ਇਨਵੈਸਟਮੈਂਟ ਨਾਭਾ ਪਲਾਂਟ ਕਰਨ ਜਾ ਰਿਹਾ ਹੈ ਪਰ ਕਾਗਜਾਂ ਨੂੰ ਦੇਖਣ ਤੋਂ ਪਤਾ ਲੱਗਿਆ ਹੈ ਕਿ ਭਾਰਤ ਸਰਕਾਰ ਵਲੋਂ ਹੀ ਹਦਾਇਤ ਹੈ ਕਿ ਪ੍ਰਦੂਸ਼ਣ ਰੋਕਣ ਲਈ 2026 ਤੱਕ ਹਰ ਥਰਮਲ ਪਲਾਂਟ ਵਿਚ ਐਸਟੀਡੀ ਯੂਨਿਟ ਲਗਾਏ ਜਾਣ ਪਰ ਇਸਨੂੰ ਇਨਵੈਸਟਮੈਂਟ ਦੱਸ ਕੇ ਸਭ ਨੂੰ ਮੂਰਖ ਬਣਾਉਣ ਦੀ ਕੋਸਿਸ਼ ਕੀਤੀ ਜਾ ਰਹੀ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਸੁਪਨਿਆਂ ਦੀ ਦੁਨੀਆ ਵਿਚੋਂ ਬਾਹਰ ਆ ਕੇ ਹਕੀਕਤ ਦਾ ਸਾਹਮਣਾ ਕਰੇ ਤੇ ਪੀਐਸਪੀਸੀਅੇੱਲ ’ਤੇ ਲੱਗਣ ਵਾਲੇ ਕਰੋੜਾਂ ਦੇ ਜੁਰਮਾਨੇ ਦੀ ਭਰਪਾਈ ਲਈ ਜਿੰਮੇਵਾਰੀ ਤੈਅ ਕੀਤੀ ਜਾਵੇ।
ਧਾਲੀਵਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬੇਲੋੜੀ ਆਲੋਚਨਾ ਨਾ ਕਰਨ : ਚੰਦੂਮਾਜਰਾ
ਅਕਾਲੀ ਦਲ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਆੜੇ ਹੱਥੀਂ ਲੈਂਦੇ ਕਿਹਾ ਕਿ ਸਰਕਾਰ ਮੌਜੂਦਾ ਮਾਹੌਲ ਦੀ ਜਿੰਮੇਵਾਰੀ ਤੋਂ ਨਾ ਭੱਜੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬੇਲੋੜੀ ਆਲੋਚਨਾ ਨਾ ਕਰਨ। ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਧਾਲੀਵਾਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਿਹਾ ਸੀ ਉਹ ਸਿੱਖਾਂ ਦੀ ਗੱਲ ਕਰਨ ਨਾ ਕਿ ਸ਼੍ਰੋਮਣੀ ਅਕਾਲੀ ਦਲ ਦੀ। ਚੰਦੂਮਾਜਰਾ ਨੇ ਧਾਲੀਵਾਲ ਨੂੰ ਕਿਹਾ ਕਿ ਪੰਜਾਬ ਦੇ ਲੋਕਾਂ ਜਿਹੜੇ ਸਵਾਲ ਹਨ ਉਨ੍ਹਾਂ ਤੋਂ ਨਾ ਭੱਜੇ ਅਤੇ ਜਥੇਦਾਰ ਸਾਹਿਬ ਨੇ 24 ਘੰਟਿਆਂ ‘ਚ ਨੌਜਵਾਨ ਛੱਡਣ ਦਾ ਅਲਟੀਮੇਟਮ ਦਿੱਤਾ ਉਸ ਬਾਰੇ ਆਪਣੀ ਜਿੰਮੇਵਾਰੀ ਨਿਭਾਉਣ। ਚੰਦੂਮਾਜਰਾ ਨੇ ਸਵਾਲ ਕੀਤਾ ਕਿ ਜਿਹੜੇ ਨੌਜਵਾਨ ਸਰਕਾਰ ਵਲੋਂ ਫੜੇ ਗਏ ਹਨ ਕੀ ਉਨ੍ਹਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈ ?