ਬਠਿੰਡਾ, 28 ਮਾਰਚ 2023- ਜ਼ਿਲ੍ਹੇ ਵਿੱਚ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ ਪੈਦਲ ਜਾ ਰਹੀ ਇਕ ਬਜ਼ੁਰਗ ਔਰਤ ਨੂੰ ਵੱਡੀ ਕਰੇਨ ਨੇ ਕੁਚਲ ਦਿੱਤਾ ਜਿਸ ਕਾਰਨ ਇਕ ਬਜ਼ੁਰਗ ਔਰਤ ਦੀ ਮੌਤ ਹੋ ਗਈ, ਜਦਕਿ ਡੱਬਵਾਲੀ ਰੋਡ ‘ਤੇ ਇਕ ਟਰਾਲੀ ਨੇ ਕਾਰ ਨੂੰ ਟੱਕਰ ਮਾਰ ਦਿੱਤੀ | ਕਾਰ ਚਾਲਕ ਜ਼ਖ਼ਮੀ ਹੋ ਗਿਆ ਤੇ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਦੋਵਾਂ ਮਾਮਲਿਆਂ ਵਿੱਚ ਥਾਣਾ ਸਿਟੀ ਰਾਮਪੁਰਾ ਅਤੇ ਕੈਨਾਲ ਕਾਲੋਨੀ ਪੁਲਿਸ ਨੇ ਮੁਲਜ਼ਮ ਡਰਾਈਵਰਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਥਾਣਾ ਸਿਟੀ ਰਾਮਪੁਰਾ ਨੂੰ ਸ਼ਿਕਾਇਤ ਦਿੰਦੇ ਹੋਏ ਪੱਪੂ ਰਾਮ ਵਾਸੀ ਮੰਡੀ ਕਲਾਂ ਨੇ ਦੱਸਿਆ ਕਿ 26 ਮਾਰਚ ਨੂੰ ਉਸ ਦੀ 60 ਸਾਲਾ ਮਾਤਾ ਬੱਸੀ ਕੌਰ ਰਾਮਪੁਰਾ ਤੋਂ ਮੰਡੀ ਕਲਾਂ ਵੱਲ ਪੈਦਲ ਆ ਰਹੀ ਸੀ। ਇਸ ਦੌਰਾਨ ਮੁਲਜ਼ਮ ਚੰਨਣ ਕੁਮਾਰ ਵਾਸੀ ਰਾਮਪੁਰਾ ਹਾਈਡਰਾ ਯਾਨੀ ਵੱਡੀ ਕਰੇਨ ਨੰਬਰ ਪੀਬੀ-03 ਡਬਲਯੂਯੂ-2112 ਨੇ ਉਸ ਦੀ ਮਾਂ ਨੂੰ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਮੁਲਜ਼ਮ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇੱਕ ਹੋਰ ਮਾਮਲੇ ਵਿੱਚ ਰਾਜਵੀਰ ਸਿੰਘ ਵਾਸੀ ਪਿੰਡ ਮਾਨਵਾਲਾ, ਜ਼ਿਲ੍ਹਾ ਬਠਿੰਡਾ ਨੇ ਥਾਣਾ ਕੈਨਾਲ ਕਾਲੋਨੀ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਦੱਸਿਆ ਕਿ ਉਹ 27 ਮਾਰਚ ਨੂੰ ਆਪਣੇ ਰਿਸ਼ਤੇਦਾਰ ਦੀ ਕਾਰ ਨੰਬਰ ਪੀਬੀ-31ਕੇ-8500 ਕੇ ਨਾਲ ਬਾਦਲ ਡੱਬਵਾਲੀ ਰੋਡ ਵੱਲ ਜਾ ਰਿਹਾ ਸੀ। ਇਸ ਦੌਰਾਨ ਮੁਲਜ਼ਮ ਅੱਲਾ ਰਾਖਾ ਵਾਸੀ ਹਨੂੰਮਾਨਗੜ੍ਹ ਰਾਜਸਥਾਨ ਨੇ ਉਸ ਦੀ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਜਿਸ ਨਾਲ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਜਦਕਿ ਉਹ ਵੀ ਜ਼ਖਮੀ ਹੋ ਗਿਆ। ਪੁਲਿਸ ਨੇ ਮੁਲਜ਼ਮ ਟਰਾਲੀ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਬਾਅਦ ਵਿੱਚ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ।