ਜਲੰਧਰ ,27 ਮਾਰਚ 2023- ਸੋਮਵਾਰ ਨੂੰ ਇਕ ਥਾਣੇਦਾਰ ਵੱਲੋਂ ਕਿੰਨਰ ਨੂੰ ਭੀਖ ਮੰਗਣ ਤੋਂ ਰੋਕਣਾ ਮਹਿੰਗਾ ਪੈ ਗਿਆ। ਥਾਣੇਦਾਰ ਵੱਲੋਂ ਰੋਕਣ ‘ਤੇ ਕਿੰਨਰ ਉਸ ਨਾਲ ਹੱਥੋਪਾਈ ਕਰਨ ਲੱਗ ਪਿਆ। ਇਸ ਦੀ ਵੀਡੀਓ ਥਾਣੇਦਾਰ ਦੇ ਸਾਥੀਆਂ ਵੱਲੋਂ ਮੌਕੇ ‘ਤੇ ਬਣਾ ਲਈ ਗਈ ਹੈ।
ਜਾਣਕਾਰੀ ਅਨੁਸਾਰ ਅੱਜ ਸੋਮਵਾਰ ਦੁਪਹਿਰ ਬੀਐੱਮਸੀ ਚੌਕ ਵਿਚ ਟ੍ਰੈਫਿਕ ਲਾਈਟ ‘ਤੇ ਖੜ੍ਹੀਆਂ ਗੱਡੀਆਂ ਦੇ ਚਾਲਕਾਂ ਕੋਲੋਂ ਕਿੰਨਰ ਭੀਖ ਮੰਗ ਰਹੇ ਸਨ। ਜਦ ਚੌਕ ਵਿਚ ਡਿਊਟੀ ‘ਤੇ ਖੜ੍ਹੇ ਟ੍ਰੈਫਿਕ ਪੁਲਿਸ ਦੇ ਥਾਣੇਦਾਰ ਕਰਨਜੀਤ ਸਿੰਘ ਨੇ ਉਨ੍ਹਾਂ ਨੂੰ ਭੀਖ ਮੰਗਣ ਤੋਂ ਰੋਕਿਆ ਤਾਂ ਉਹ ਥਾਣੇਦਾਰ ਨਾਲ ਗਾਲੀ ਗਲੋਚ ਕਰਨ ਲੱਗ ਪਏ। ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿੰਨਰ ਹੱਥੋ ਪਾਈ ‘ਤੇ ਉੱਤਰ ਪਏ। ਮੁਲਾਜ਼ਮ ਨਾਲ ਵਿਵਾਦ ਹੁੰਦਾ ਦੇਖ ਜਦ ਉਸ ਦੇ ਸਾਥੀ ਮੌਕੇ ‘ਤੇ ਪਹੁੰਚੇ ਅਤੇ ਮਾਮਲੇ ਦੀ ਵੀਡੀਓ ਬਣਾਉਣੀ ਸ਼ੁਰੂ ਕੀਤੀ ਤਾਂ ਕਿੰਨਰ ਮੌਕੇ ਤੋਂ ਖਿਸਕ ਗਏ। ਥਾਣੇਦਾਰ ਵੱਲੋਂ ਘਟਨਾ ਦੀ ਸੂਚਨਾ ਉਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ, ਜੋ ਮਾਮਲੇ ਦੀ ਜਾਂਚ ਕਰ ਰਹੇ ਹਨ।
——-
ਮੁਲਾਜ਼ਮਾਂ ਨਾਲ ਹੱਥੋਪਾਈ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ : ਏਡੀਸੀਪੀ
ਜਦ ਇਸ ਬਾਰੇ ਏਡੀਸੀਪੀ ਟ੍ਰੈਫਿਕ ਕੰਵਲਜੀਤ ਸਿੰਘ ਚਾਹਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਨਾਲ ਹੱਥੋਪਾਈ ਕਰਨ ਵਾਲੇ ਭਿਖਾਰੀਆਂ ਅਤੇ ਕਿੰਨਰਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਕਈ ਵਾਰ ਇਨ੍ਹਾਂ ਖ਼ਿਲਾਫ਼ ਕਾਰਵਾਈ ਕਰ ਚੁੱਕੀ ਹੈ ਅਤੇ ਇਨ੍ਹਾਂ ਨੂੰ ਚੌਕਾਂ ਵਿਚ ਭਜਾਇਆ ਜਾ ਚੁੱਕਿਆ ਹੈ ਪਰ ਫਿਰ ਵੀ ਇਹ ਵਾਪਸ ਆ ਜਾਂਦੇ ਹਨ। ਇਨ੍ਹਾਂ ਖ਼ਿਲਾਫ਼ ਜਲਦ ਹੀ ਮੁਹਿੰਮ ਚਲਾਈ ਜਾਵੇਗੀ।