ਨਵੀਂ ਦਿੱਲੀ, 28 ਮਾਰਚ, 2023- ਖਾਲਿਸਤਾਨੀ ਕੁਨਬੇ ਦੇ ਵੱਡੇ ਰਾਜ਼ਦਾਰ ਅੰਮ੍ਰਿਤਪਾਲ ਸਿੰਘ ਬਾਰੇ ਸੁਰੱਖਿਆ ਏਜੰਸੀ ਨੇ ਵੱਡਾ ਖੁਲਾਸਾ ਕੀਤਾ ਹੈ। ਸੂਤਰਾਂ ਮੁਤਾਬਕ ਅੰਮ੍ਰਿਤਪਾਲ ਦਾ ਫਾਈਨਾਂਸਰ ਦਲਜੀਤ ਕਲਸੀ ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਕਮਰ ਜਾਵੇਦ ਬਾਜਵਾ ਦੇ ਬੇਟੇ ਦਾ ਕਰੀਬੀ ਹੈ। ਕਲਸੀ ਦੇ ਸਬੰਧ ਕਮਰ ਜਾਵੇਦ ਬਾਜਵਾ ਦੇ ਪੁੱਤਰ ਸਾਦ ਬਾਜਵਾ ਦੀ ਕੰਪਨੀ ਨਾਲ ਸਨ। ਸਾਦ ਦੀ ਕੰਪਨੀ ਦੁਬਈ ਵਿਚ ਹੈ। ਕਲਸੀ ਵੀ ਦੋ ਮਹੀਨਿਆਂ ਲਈ ਦੁਬਈ ਗਿਆ ਹੋਇਆ ਹੈ। ਖਾਲਿਸਤਾਨੀ ਅੱਤਵਾਦੀ ਲੰਡਾ ਹਰੀਕੇ ਨੇ ਦੁਬਈ ‘ਚ ਰਹਿਣ ਦਾ ਇੰਤਜ਼ਾਮ ਕੀਤਾ ਸੀ। ਇਸ ਤੋਂ ਇਲਾਵਾ ਦਿੱਲੀ ਦਾ ਇੱਕ ਹੋਰ ਵੱਡਾ ਫਾਈਨਾਂਸਰ ਵੀ ਕਲਸੀ ਲਈ ਕੰਮ ਕਰਦਾ ਸੀ।
ਸੂਤਰਾਂ ਮੁਤਾਬਕ ਦਲਜੀਤ ਕਲਸੀ ਦੇ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਨਾਲ ਸੰਪਰਕ ਵਿਚ ਹੋਣ ਦੇ ਸਬੂਤ ਮਿਲੇ ਹਨ। ਕਲਸੀ ਦੇ ਸਬੰਧ ਬੰਬੀਹਾ ਗੈਂਗ ਦੇ ਕਰੀਬੀ ਗੈਂਗਸਟਰ ਨਾਲ ਵੀ ਪਾਏ ਗਏ ਸਨ। ਕਲਸੀ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬਦ ਗੈਂਗਸਟਰ ਨੀਰਜ ਬਵਾਨੀਆ ਦਾ ਵੀ ਕਰੀਬੀ ਹੈ। ਕਲਸੀ ਨੇ ਕਾਫੀ ਸਮਾਂ ਪਹਿਲਾਂ ਦਿੱਲੀ ‘ਚ ਆਪਣਾ ਦਫਤਰ ਖੋਲ੍ਹਿਆ ਸੀ ਤੇ ਉਹ ਪੰਜਾਬ ‘ਚ ਮਾਡਲਿੰਗ ਕਰਨ ਜਾਂ ਫਿਲਮਾਂ ‘ਚ ਕੰਮ ਕਰਵਾਉਣ ਦਾ ਕੰਮ ਕਰਦਾ ਸੀ। ਸੂਤਰਾਂ ਮੁਤਾਬਕ ਕਲਸੀ ਅੰਮ੍ਰਿਤਪਾਲ ਦਾ ਸਭ ਤੋਂ ਵੱਡਾ ਵਿਸ਼ਵਾਸਪਾਤਰ ਅਤੇ ਕਰੀਬੀ ਦੋਸਤ ਹੈ।