ਨਵੀਂ ਦਿੱਲੀ : ਮਹਿੰਗਾਈ, ਉੱਚ ਵਿਆਜ ਦਰਾਂ ਅਤੇ ਅਰਥਵਿਵਸਥਾ ਦੀ ਮੱਠੀ ਗ੍ਰੋਥ ਕਾਰਨ 2023 ‘ਚ ਦੇਸ਼ ‘ਚ ਔਸਤ ਤਨਖਾਹ ਵਾਧਾ ਘੱਟ ਕੇ 9.1 ਫੀਸਦੀ ‘ਤੇ ਆ ਸਕਦਾ ਹੈ। ਇਹ ਦਾਅਵਾ ਇਕ ਨਿੱਜੀ ਕੰਪਨੀ ਨੇ ਆਪਣੇ ਅਧਿਐਨ ਵਿਚ ਕੀਤਾ ਗਿਆ ਹੈ। ਪਿਛਲੇ ਸਾਲ ਤਨਖ਼ਾਹ ਵਿਚ ਔਸਤ ਵਾਧਾ 9.4 ਫ਼ੀਸਦੀ ਸੀ। Deloitte India’s Talent Outlook 2023 ਦੀ ਰਿਪੋਰਟ ‘ਚ ਬੁੱਧਵਾਰ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਅਧਿਐਨ ‘ਚ ਇਹ ਗੱਲ ਸਾਹਮਣੇ ਆਈ ਹੈ ਕਿ 2022 ਦੇ ਮੁਕਾਬਲੇ 2023 ‘ਚ ਸਾਰੇ ਸੈਕਟਰਾਂ ‘ਚ ਔਸਤ ਤਨਖਾਹ ਵਾਧਾ ਦਰ ਘੱਟ ਜਾਵੇਗੀ।
ਅੱਗੇ ਰਿਪੋਰਟ ਵਿਚ ਕਿਹਾ ਗਿਆ ਹੈ ਕਿ 2023 ਵਿਚ ਸਭ ਤੋਂ ਵੱਧ ਔਸਤ ਤਨਖਾਹ ਵਾਧਾ ਜੀਵਨ ਵਿਗਿਆਨ ਖੇਤਰ ਵਿਚ ਦੇਖਿਆ ਜਾਵੇਗਾ। ਇਸ ਦੇ ਨਾਲ ਹੀ ਸਭ ਤੋਂ ਘੱਟ ਔਸਤ ਵਾਧਾ IT ਸੈਕਟਰ ‘ਚ ਹੋਵੇਗਾ। ਇਹ ਵੀ ਦੱਸਿਆ ਕਿ 2022 ਵਿੱਚ ਔਸਤ ਤਨਖਾਹ ਵਾਧਾ ਪਿਛਲੇ ਚਾਰ ਸਾਲਾਂ ਵਿੱਚ ਸਭ ਤੋਂ ਵੱਧ ਸੀ।
ਨੌਕਰੀ ਬਦਲਣ ਵਾਲਿਆਂ ਦੀ ਦਰ ਵਧੀ
ਡੈਲੋਇਟ ਇੰਡੀਆ ਨੇ ਕਿਹਾ ਕਿ 2022 ਵਿਚ ਭਾਰਤ ਵਿਚ ਨੌਕਰੀਆਂ ‘ਚ ਤਬਦੀਲੀ ਦੀ ਦਰ 19.7 ਪ੍ਰਤੀਸ਼ਤ ਸੀ, ਜੋ 2021 ਵਿਚ 19.4 ਪ੍ਰਤੀਸ਼ਤ ਸੀ। ਇਸੇ ਕਾਰਨ ਪਿਛਲੇ ਤਿੰਨ-ਚਾਰ ਸਾਲਾਂ ਵਿੱਚ ਕੰਪਨੀਆਂ ਦੇ ਮੁਲਾਜ਼ਮਾਂ ਨੂੰ ਨੌਕਰੀਆਂ ਦੇਣ ਦਾ ਖਰਚਾ ਆਮਦਨ ਨਾਲੋਂ ਤੇਜ਼ੀ ਨਾਲ ਵਧ ਰਿਹਾ ਹੈ।
ਡੇਲੋਇਟ ਇੰਡੀਆ ਦੇ ਪਾਰਟਨਰ ਆਨੰਦਰੂਪ ਘੋਸ਼ ਨੇ ਕਿਹਾ ਕਿ ਕੰਪਨੀਆਂ ਇਸ ਸਾਲ ਮਹਿੰਗਾਈ, ਉੱਚ ਵਿਆਜ ਦਰਾਂ ਤੇ ਅਰਥਵਿਵਸਥਾ ਦੀ ਧੀਮੀ ਗ੍ਰੋਥ ਕਾਰਨ ਸਾਵਧਾਨ ਰਹਿਣਗੀਆਂ। ਡੇਲੋਇਟ ਇੰਡੀਆ ਦੀ ਟੇਲੈਂਟ ਆਉਟਲੁੱਕ 2023 ਰਿਪੋਰਟ ਇਸ ਸਾਲ ਜਨਵਰੀ ਵਿਚ ਕੀਤੇ ਗਏ ਇਕ ਸਰਵੇਖਣ ‘ਤੇ ਅਧਾਰਤ ਹੈ। ਇਸ ਵਿਚ ਸੱਤ ਸੈਕਟਰਾਂ ਤੇ 25 ਸਬ ਸੈਕਟਰਾਂ ਦੀਆਂ 300 ਕੰਪਨੀਆਂ ਨੇ ਭਾਗ ਲਿਆ ਹੈ।
ਨਵੀਂ ਤਕਨਾਲੋਜੀ ਵੱਡੀ ਚੁਣੌਤੀ
ਸਰਵੇਖਣ ‘ਚ ਸ਼ਾਮਲ 27 ਫੀਸਦੀ ਕੰਪਨੀਆਂ ਨੇ ਇਸ ਗੱਲ ‘ਤੇ ਸਹਿਮਤੀ ਪ੍ਰਗਟਾਈ ਕਿ ਨਵੀਂ ਤਕਨੀਕ ਨੂੰ ਪੁਰਾਣੀ ਨਾਲ ਜੋੜਨਾ ਅਜੇ ਵੀ ਸਭ ਤੋਂ ਵੱਡੀ ਚੁਣੌਤੀ ਹੈ। ਇਸ ਦੇ ਨਾਲ ਹੀ 47 ਫੀਸਦੀ ਕੰਪਨੀਆਂ AI ਵਿੱਚ ਨਿਵੇਸ਼ ਕਰ ਰਹੀਆਂ ਹਨ।