ਪਟਿਆਲਾ, 05 ਅਪ੍ਰੈਲ 2023- ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੇ ਘਰ ਤੋਂ 500 ਮੀਟਰ ਦੀ ਦੂਰੀ ਸ਼ੇਰਾਂਵਾਲਾ ਗੇਟ ਤੋਂ ਕਾਂਗਰਸ ਵੱਲੋਂ ਸੰਵਿਧਾਨ ਬਚਾਓ ਮਾਰਚ ਸ਼ੁਰੂ ਕੀਤਾ ਗਿਆ। ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿਚ ਕਿਲਾ ਚੌਂਕ ਤੱਕ ਕੀਤੇ ਗਏ ਮਾਰਚ ’ਚੋਂ ਨਵਜੋਤ ਸਿੰਘ ਸਿੱਧੂ ਗੈਰ ਹਾਜ਼ਰ ਰਹੇ। ਸਿੱਧੂ ਦੀ ਗੈਰ ਹਾਜ਼ਰੀ ਬਾਰੇ ਵੜਿੰਗ ਨੇ ਕਿਹਾ ਕਿ ਅੱਜ ਲੋਕਲ ਲੀਡਰਸ਼ਿਪ ਦੇ ਸੱਦੇ ’ਤੇ ਪ੍ਰੋਗਰਾਮ ਸੀ, ਸਿੱਧੂ ਅਗਲੀ ਵਾਰ ਸੂਬਾ ਪੱਧਰੀ ਪ੍ਰੋਗਰਾਮ ਵਿਚ ਨਾਲ ਹੀ ਦਿਖਣਗੇ।
ਇਸ ਦੌਰਾਨ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ, ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ, ਮਹਿਲਾ ਕਾਂਗਰਸ ਸੂੁਬਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਹਰਦਿਆਲ ਸਿੰਘ ਕੰਬੋਜ, ਮਦਨ ਲਾਲ ਜਲਾਲਪੁਰ, ਵਿਸ਼ਨੂੰ ਸ਼ਰਮਾ ਸਮੇਤ ਹੋਰ ਆਗੂਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ, ਲੋਕਾਂ ਨੂੰ ਦੇਸ਼ ਦਾ ਲੋਕਤੰਤਰ ਤੇ ਸੰਵਿਧਾਨ ਬਚਾਉਣ ਦਾ ਸੱਦਾ ਦਿੱਤਾ।
ਵੜਿੰਗ ਨੇ ਕਿਹਾ ਕਿ ਨੌਂ ਸਾਲ ਤੋਂ ਦੇਸ਼ ਦੇ ਹਲਾਤ ਮਾੜੇ ਹਨ ਪਰ ਪਿਛਲੇ ਦਿਨਾਂ ਤੋਂ ਲੋਕਤੰਤਰ ਤੇ ਸੰਵਿਧਾਨ ਨੂੰ ਤੋੜਨ ਦੀਆਂ ਸਾਜ਼ਿਸ਼ਾਂ ਹੋਣ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੋਚ ਹੈ ਲੱਗ ਰਿਹਾ ਹੈ ਕਿ ਜਲਦ ਇਥੇ ਵੀ ਚੀਨ ਤੇ ਕੋਰੀਆ ਵਰਗੇ ਹਾਲਾਤ ਬਣ ਜਾਣਗੇ। ਤਾਨਾਸ਼ਾਹ ਢੰਗ ਨਾਲ ਦੇਸ਼ 75 ਸਾਲ ਪੁਰਾਣੇ ਹਾਲਾਤ ਵਿਚ ਪੁੱਜ ਜਾਵੇਗਾ। ਜਿਵੇਂ ਅੰਗਰੇਜਾਂ ਤੇ ਰਾਜਿਆਂ ਵਲੋਂ ਮੁੱਠੀ ਭਰ ਅਨਾਜ ਲਈ ਮਜਦੂਰੀਆਂ ਕਰਵਾਈਆਂ ਜਾਂਦੀਆਂ ਸੀ, ਉਹੀ ਦਿਨ ਵੀ ਦੇਖਣੇ ਪੈ ਸਕਦੇ ਹਨ। ਸਾਡੇ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਇਕ ਇਕ ਨਾਗਰਿਕ ਨੂੰ ਭਾਜਪਾ ਖਿਲਾਫ ਮੈਦਾਨ ਵਿਚ ਉੱਤਰਨਾ ਪਵੇਗੀ। ਵੜਿੰਗ ਨੇ ਕਿਹਾ ਕਿ ਕਾਂਗਰਸ ਦੇਸ਼ ਦੀ ਸਭ ਤੋਂ ਪੁਰਾਣੀ, ਵੱਡੀ ਪਾਰਟੀ ਤੇ ਸਿਆਸੀ ਘਰਾਣੇ ਦੇ ਰਾਹੁਲ ਗਾਂਧੀ ਨੂੰ ਸਜਾ ਹੋ ਸਕਦੀ ਹੈ ਤਾਂ ਜੇਕਰ ਕੋਈ ਨਰਿੰਦਰ ਮੋਦੀ ਨੂੰ ਸਵਾਲ ਕਰੇਗਾ ਤਾਂ ਉਸ ਨੂੰ ਸਜ਼ਾ ਦੇ ਦਿੱਤੀ ਜਾਵੇਗੀ।
ਰਾਜਿਆਂ ਨੇ ਜਸੂਸੀਆਂ ਕਰ ਕੇ ਹਾਸਲ ਕੀਤੇ ਵੱਡੇ-ਵੱਡੇ ਰਾਜ
ਵੜਿੰਗ ਨੇ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਲਏ ਬਿਨਾਂ ਕਿਹਾ ਕਿ ਰਾਜਿਆਂ ਨੇ ਖੂਨ ਪਸੀਨਿਆਂ ਨਾਲ ਨਹੀਂ ਸਗੋਂ ਅੰਗਰੇਜ਼ਾਂ ਦੀਆਂ ਜਸੂਸੀਆਂ ਕਰ ਕੇ ਵੱਡੇ ਵੱਡੇ ਰਾਜ ਭਾਗ ਹਾਸਲ ਕੀਤੇ ਹਨ। ਪੰਜਾਬ ਬਾਰੇ ਗੱਲ ਕਰਦਿਆਂ ਪ੍ਰਧਾਨ ਨੇ ਕਿਹਾ ਕਿ ਅੱਜ ਸਾਡੇ ਸੂਬੇ ਵਿਚ 40 ਸਾਲ ਪਹਿਲਾਂ ਵਾਲੇ ਹਲਾਤ ਬਣਾਏ ਜਾ ਰਹੇ ਹਨ, ਲੋਕਾਂ ਵਿਚ ਸਹਿਮ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਗਲਤੀਆਂ ਕਰ ਕੇ ਹੀ ਸਰਕਾਰ ਗਈ ਪਰ ਹੁਣ ਇਕੱਠੇ ਹੋ ਕੇ ਪੰਜਾਬ ਲਈ ਲੜਾਂਗੇ। ਵੜਿੰਗ ਨੇ ਕਿਹਾ ਕਿ ਕੰਬੋਜ ਤੇ ਜਲਾਲਪੁਰ ’ਤੇ ਝੂਠੇ ਪਰਚੇ ਕੀਤੇ ਗਏ ਪਰ ਜਿਹੜਾ ਲੀਡਰ ਇਸ ਸਭ ਦਾ ਸਾਹਮਣਾ ਕਰ ਲੈਂਦਾ ਹੈ, ਉਹ ਭਵਿੱਖ ਵਿਚ ਕਾਮਯਾਬ ਹੋ ਜਾਂਦਾ ਹੈ।
ਬਾਜਵਾ ਨੇ ਭਗਵੰਤ ਮਾਨ ਦੀ ਯੁਕਰੇਨ ਦੇ ਰਾਸ਼ਟਰਪਤੀ ਨਾਲ ਕੀਤੀ ਤੁਲਨਾ
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੌਜੂਦਾ ਮੁੱਖ ਮੰਤਰੀ ਯੁਕਰੇਨ ਦੇ ਰਾਸ਼ਟਰਪਤੀ ਵਾਂਗ ਪੰਜਾਬ ਨੂੰ ਉਸੇ ਰਾਹ ਵੱਲ ਲੈ ਕੇ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੋਂ ਮਿਲਟਰੀ ਫੋਰਸਾਂ ਲੈਣੀਆਂ ਸੌਖੀਆਂ ਪਰ ਭੇਜਣੀਆਂ ਔਖੀਆਂ ਹਨ। ਜਦੋਂ ਸੂਬੇ ਦੇ ਕਹਿਣ ’ਤੇ ਮਿਲਟਰੀ ਆਉਂਦੀ ਹੈ ਤਾਂ ਇਸ ਦਾ ਸਾਰਾ ਖਰਚਾ ਪੰਜਾਬੀਆਂ ਦੀਆਂ ਜੇਬਾਂ ਵਿਚੋਂ ਹੀ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਗਿਰਦਾਵਰੀਆਂ ਸਿਰਫ ’ਤੇ ਸਿਰਫ ਡਰਾਮਾ ਹੈ, ਪਿਛਲੇ ਸਾਲ ਦੇ ਮੁਆਵਜ਼ੇ ਵੀ ਪੂਰੇ ਕਿਸਾਨਾਂ ਨੂੰ ਨਹੀਂ ਦਿੱਤੇ ਗਏ। ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਵੀ ਆਪਣਾ ਸਿੱਖਿਆ ਯੋਗਤਾ ਸਰਟੀਫਿਕੇਟ ਵੀ ਜਨਤਕ ਕਰੇ। ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ ਅੰਬੇਡਕਰ ਤੇ ਦੇਸ਼ ’ਚ ਲੋਕਤੰਤਰ ਸਥਾਪਤ ਕਰਨ ਵਾਲੇ ਮਹਾਤਮਾ ਗਾਂਧੀ ਦੇ ਸੁਪਨਿਆਂ ਨੂੰ ਚੂਰ-ਚੂਰ ਕੀਤਾ ਜਾ ਰਿਹਾ ਹੈ। ਦੇਸ਼ ਦੀ ਸੰਸਦ ਵਿਚ 542 ਐੱਮਪੀ ਹਨ ਤੇ 160 ਖ਼ਿਲਾਫ਼ ਸੰਗੀਨ ਜੁਰਮ ਦੇ ਮਾਮਲੇ ਦਰਜ ਹਨ ਪਰ ਕਿਸੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਪਰ ਰਾਹੁਲ ਗਾਂਧੀ ਖਿਲਾਫ ਤੁਰੰਤ ਕਾਰਵਾਈ ਕਰ ਦਿੱਤੀ ਗਈ ਹੈ। ਜਿਸਤੋਂ ਪ੍ਰਧਾਨ ਮੰਤਰੀ ਤੇ ਭਾਜਪਾ ਦੀ ਨੀਯਤ ਸਪਸ਼ਟ ਹੋ ਜਾਂਦੀ ਹੈ।