ਚੰਡੀਗੜ੍ਹ , 09 ਅਪ੍ਰੈਲ 2023- ਅਕਾਲੀ ਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਸਾਬਕਾ ਵਿਧਾਇਕ ਤੇ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਪੁੱਤਰ ਇੰਦਰ ਇਕਬਾਲ ਅਟਵਾਲ ਨੇ ਅਕਾਲੀ ਦਲ ਤੋਂ ਅਸਤੀਫ਼ਾ ਦੇ ਦਿੱਤਾ। ਇੰਦਰ ਇਕਬਾਲ ਸਿੰਘ ਅਟਵਾਲ ਨੇ ਐਤਵਾਰ ਨੂੰ ਦਿੱਲੀ ‘ਚ ਭਾਜਪਾ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ। ਸੀਨੀਅਰ ਅਕਾਲੀ ਆਗੂ ਤੇ ਸਾਬਕਾ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਨੇ ਅਜੇ ਤਕ ਅਕਾਲੀ ਦਲ ਤੋਂ ਅਸਤੀਫਾ ਨਹੀਂ ਦਿੱਤਾ ਹੈ। ਇੰਦਰ ਇਕਬਾਲ ਅਟਵਾਲ ਨੇ ਅਕਾਲੀ ਦਲ ਦੀ ਟਿਕਟ ‘ਤੇ ਰਾਏਕੋਟ ਤੋਂ 2017 ਵਿਧਾਨ ਸਭਾ ਚੋਣਾਂ ਲੜੀਆਂ ਸਨ। ਇਸ ਚੋਣ ਵਿਚ ਉਨ੍ਹਾਂ ਨੂੰ 29,019 ਵੋਟਾਂ ਮਿਲੀਆਂ। ਅਟਵਾਲ ਚੋਣ ਵਿਚ ਤੀਜੇ ਨੰਬਰ ‘ਤੇ ਰਹੇ।
ਡਾ. ਚਰਨਜੀਤ ਸਿੰਘ ਅਟਵਾਲ ਇਸ ਦੌਰਾਨ ਦਿੱਲੀ ਸਥਿਤ ਭਾਜਪਾ ਦਫ਼ਤਰ ਵਿੱਚ ਮੌਜੂਦ ਨਹੀਂ ਹਨ। ਉਨ੍ਹਾਂ ਨੇ ਅਜੇ ਤਕ ਪਾਰਟੀ ਤੋਂ ਅਸਤੀਫਾ ਨਹੀਂ ਦਿੱਤਾ ਹੈ। ਡਾ. ਅਟਵਾਲ ਦੇ ਛੋਟੇ ਪੁੱਤਰ ਜਸਜੀਤ ਸਿੰਘ ਅਟਵਾਲ ਵੀ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਇਹ ਅਕਾਲੀ ਦਲ ਲਈ ਇਕ ਵੱਡਾ ਝਟਕਾ ਹੈ ਕਿਉਂਕਿ ਡਾ. ਅਟਵਾਲ ਸ਼੍ਰੋਮਣੀ ਅਕਾਲੀ ਦਲ ਦੇ ਥਿੰਕ ਟੈਂਕ ‘ਚੋਂ ਇਕ ਸਨ ਤੇ ਐਸਸੀ ਭਾਈਚਾਰੇ ਵਿੱਚ ਇਕ ਪ੍ਰਮੁੱਖ ਸ਼ਖਸੀਅਤ ਵੀ ਸਨ।