ਮੋਗਾ, 13 ਮਈ 2023- ਮੋਗਾ ਦੇ ਧਰਮਕੋਟ ਸਬ ਡਵੀਜ਼ਨ ਨੇੜੇ ਵਗ ਰਿਹਾ ਸਤਲੁਜ ਦਰਿਆ ਦਾ ਪਾਣੀ ਦੂਸ਼ਿਤ ਹੋ ਕੇ ਕਾਲਾ ਸਾਹ ਰੰਗ ਦਾ ਹੋ ਗਿਆ ਹੈ। ਦੂਸ਼ਿਤ ਪਾਣੀ ਕਾਰਨ ਜੀਵ-ਜੰਤੂ ਮਰ ਰਹੇ ਹਨ ਅਤੇ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਸਰਕਾਰਾਂ ਸਮੇਂ-ਸਮੇਂ ‘ਤੇ ਕੁਦਰਤੀ ਸੋਮਿਆਂ ਵਿਚ ਪੈ ਰਹੇ ਦੂਸ਼ਿਤ ਪਾਣੀ ਨੂੰ ਰੋਕਣ ਦੇ ਦਾਅਵੇ ਕਰਦੀਆਂ ਰਹੀਆਂ ਹਨ, ਪਰ ਦਰਿਆਵਾਂ ਵਿਚ ਲਗਾਤਾਰ ਦੂਸ਼ਿਤ ਪਾਣੀ ਆ ਰਿਹਾ ਹੈ।
ਜ਼ਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਸ਼ਾਹਕੋਟ ਇਲਾਕੇ ਸਤਲੁਜ ਦਰਿਆ ਵਿਚ ਕੁੱਝ ਮੱਛੀਆਂ ਮਰੀਆਂ ਹੋਈਆਂ ਮਿਲੀਆਂ ਸਨ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਇਸ ਦੀ ਸੂਚਨਾ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਦਿੱਤੀ ਸੀ ਤੇ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਇਸ ਹਾਦਸੇ ਦਾ ਸਖ਼ਤ ਨੋਟਿਸ ਵੀ ਲਿਆ ਗਿਆ ਸੀ। ਉਸ ਮੌਕੇ ਸਥਾਨਕ ਵਾਸੀਆਂ ਵੱਲੋਂ ਇਸ ਗੱਲ ਦਾ ਸ਼ੱਕ ਜਤਾਇਆ ਜਾ ਰਿਹਾ ਸੀ ਕਿ ਉਸ ਸਮੇਂ ਜ਼ਬਤ ਕੀਤੀ ਗਈ ਜ਼ਹਿਰੀਲੀ ਸ਼ਰਾਬ ਨੂੰ ਦਰਿਆ ਵਿਚ ਵਹਾ ਦਿੱਤਾ ਗਿਆ ਹੋਵੇਗਾ, ਜਿਸ ਕਾਰਨ ਸਤਲੁਜ ਦਰਿਆ ਵਿਚ ਕਾਫ਼ੀ ਗਿਣਤੀ ਵਿਚ ਮੱਛੀਆਂ ਮਰੀਆਂ ਹੋਈਆਂ ਮਿਲੀਆਂ ਸਨ। ਹਾਲਾਂਕਿ ਪ੍ਰਦੂਸ਼ਣ ਬੋਰਡ ਵੱਲੋਂ ਸੈਂਪਲ ਵੀ ਲਏ ਗਏ ਸਨ ਪਰ ਇਸ ਤੋਂ ਬਾਅਦ ਹਾਲੇ ਤਕ ਇਸ ਦਾ ਅਸਲ ਕਾਰਨ ਸਾਹਮਣੇ ਨਹੀਂ ਆਇਆ। ਲੰਮੇ ਸਮੇਂ ਤੋਂ ਦਰਿਆਵਾਂ ਦੇ ਪਾਣੀਆਂ ਲਈ ਸੰਘਰਸ਼ ਕਰ ਰਹੇ ਸੰਤ ਸੀਚੇਵਾਲ ਨੇ ਕਿਹਾ ਸੀ ਕਿ ਕਿਸੇ ਵੀ ਨਦੀ ਜਾਂ ਦਰਿਆ ਦੇ ਪਾਣੀ ‘ਚ ਇਕ ਬੂੰਦ ਵੀ ਜ਼ਹਿਰੀਲੀ ਚੀਜ਼ ਪਾਉਣ ਦਾ ਹੱਕ ਕਿਸੇ ਨੂੰ ਵੀ ਨਹੀਂ ਹੈ।
ਇਸ ਸਬੰਧੀ ਜਦੋਂ ਪੱਤਰਕਾਰਾਂ ਵੱਲੋਂ ਨੇੜਲੇ ਪਿੰਡ ਸੰਘੇੜਾ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਸਰਪੰਚ ਦਲਜੀਤ ਸਿੰਘ, ਸਾਬਕਾ ਸਰਪੰਚ ਸਰੂਪ ਸਿੰਘ, ਰਾਜਿੰਦਰ ਸਿੰਘ ਆਦਿ ਨੇ ਦੱਸਿਆ ਕਿ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਲਗਾਤਾਰ ਜਾਰੀ ਹੈ। ਸਰਕਾਰਾਂ ਜ਼ਹਿਰੀਲੇ ਪਾਣੀ ਸਬੰਧੀ ਗੰਭੀਰ ਨਹੀਂ ਹਨ ਤੇ ਆਉਣ ਵਾਲੀ ਪੀੜ੍ਹੀ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫੈਕਟਰੀਆਂ ਦਾ ਗੰਦਾ ਪਾਣੀ ਛੱਡਣ ਕਾਰਨ ਦਰਿਆ ਦਾ ਪਾਣੀ ਕਾਲਾ ਸ਼ਾਹ ਹੋ ਗਿਆ ਹੈ। ਇਸ ਮੌਕੇ ਦਰਿਆ ਦੇ ਆਸ-ਪਾਸ ਪੈਂਦੇ ਸਰਹੱਦੀ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਦਿਨਾਂ ਤੋਂ ਪਾਣੀ ਪ੍ਰਦੂਸ਼ਿਤ ਤੇ ਜ਼ਹਿਰੀਲਾ ਹੋ ਗਿਆ ਹੈ। ਕੁੱਝ ਲੋਕਾਂ ਨੇ ਦੱਸਿਆ ਕਿ ਇਸ ਪਾਣੀ ਦੀ ਵਰਤੋਂ ਖੇਤਾਂ ‘ਚ ਹੋਣ ਕਾਰਨ ਫਸਲ ‘ਤੇ ਵੀ ਬੁਰਾ ਅਸਰ ਪੈਣ ਲੱਗਾ ਹੈ। ਅਜਿਹੇ ਗੰਦੇ ਪਾਣੀ ਨਾਲ ਖੇਤਾਂ ‘ਚ ਉਗਾਈਆਂ ਫ਼ਸਲਾਂ ਆਮ ਲੋਕਾਂ ਦੀ ਸਿਹਤ ‘ਤੇ ਵੀ ਮਾੜਾ ਪ੍ਰਭਾਵ ਪਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਜਾਪ ਰਿਹਾ ਹੈ ਕਿ ਸੀਵਰ ਅਤੇ ਸਨਅਤੀ ਰਸਾਇਣਾਂ ਵਾਲਾ ਅਣਸੋਧਿਆ ਪਾਣੀ ਦਰਿਆ ਦੀ ਜਲਧਾਰਾ ਨੂੰ ਜ਼ਹਿਰੀਲਾ ਕਰਨ ਦਾ ਵੱਡਾ ਕਾਰਨ ਹੈ। ਢੁੱਕਵੇਂ ਅਤੇ ਬਦਲਵੇਂ ਪ੍ਰਬੰਧ ਦੀ ਅਣਹੋਂਦ ਕਾਰਨ ਕੂੜਾ ਕਚਰਾ ਵੀ ਦਰਿਆ ਵਿਚ ਸੁੱਟਿਆ ਜਾ ਰਿਹਾ ਹੈ।