ਸਮਾਣਾ,13 ਮਈ 2023- ਪੁਲਿਸ ਚੌਂਕੀ ਗਾਜੇਵਾਸ ਦੀ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਇੱਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਪਾਸੋਂ ਚੋਰੀ ਕੀਤੇ ਤਿੰਨ ਮੋਟਰਸਾਇਕਲ ਬਰਾਮਦ ਕਰਨ ‘ਚ ਸਫ਼ਲਤਾ ਹਾਸਲ ਕੀਤੀ ਹੈ।
ਗਾਜੇਵਾਸ ਚੌਕੀ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਗੁਰਮੁੱਖ ਸਿੰਘ ਵਾਸੀ ਪਿੰਡ ਲਲੋਛੀ ਨੇ ਪੁਲਿਸ ਕੋਲ ਕਰੀਬ ਅੱਠ ਮਹੀਨੇ ਪਹਿਲਾਂ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੇ ਆਪਣਾ ਮੋਟਰਸਾਈਕਲ ਘਰ ਦੇ ਬਾਹਰ ਖੜ੍ਹਾ ਕੀਤਾ ਸੀ ਪਰ ਕਿਸੇ ਅਣਪਛਾਤੇ ਵਿਅਕਤੀ ਨੇ ਮੋਟਰਸਾਈਕਲ ਚੋਰੀ ਕਰ ਲਿਆ। ਬੀਤੇ ਦਿਨੀ ਗਾਜੇਵਾਸ ਪੁਲਿਸ ਨੇ ਪਿੰਡ ਅਚਰਾਲ ਕਲਾਂ ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਬਿਨਾ ਨੰਬਰੀ ਮੋਟਰਸਾਇਕਲ ‘ਤੇ ਆ ਰਹੇ ਵਿਅਕਤੀ ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਕੇ ਜਦੋਂ ਉਸ ਤੋਂ ਪੱੁਛਗਿੱਛ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਉਸ ਨੇ ਇਹ ਮੋਟਰਸਾਇਕਲ ਚੋਰੀ ਕੀਤਾ ਹੋਇਆ ਹੈ। ਉਸ ਤੋਂ ਹੋਰ ਪੁੱਛਗਿੱਛ ਕਰਨ ‘ਤੇ ਉਸ ਨੇ ਮੰਨਿਆ ਕਿ ਪਿੰਡ ਫਤਿਹਗੜ੍ਹ ਛੰਨਾ ਦੇ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਝਾੜੀਆਂ ‘ਚ ਚੋਰੀ ਦਾ ਚੰਡੀਗੜ੍ਹ ਨੰਬਰੀ ਮੋਟਰਸਾਈਕਲ ਅਤੇ ਸ਼ਿਕਾਇਤ ਕਰਤਾ ਗੁਰਮੁੱਖ ਸਿੰਘ ਦਾ ਮੋਟਰਸਾਇਕਲ ਵੀ ਛੁਪਾ ਕੇ ਰੱਖਿਆ ਹੋਇਆ ਹੈ ਜਿਸ ਨੂੰ ਉਸ ਨੇ ਕਬਾੜ ਬਣਾ ਕੇ ਰੱਖਿਆ ਹੋਇਆ ਸੀ। ਮੋਟਰਸਾਇਕਲ ਚੋਰ ਦੀ ਪਛਾਣ ਮਨਜੀਤ ਸਿੰਘ ਪੁੱਤਰ ਕੇਸਰ ਸਿੰਘ ਵਾਸੀ ਪਿੰਡ ਲਲੋਛੀ ਵਜੋਂ ਹੋਈ ਹੈ। ਪੁਲਿਸ ਨੇ ਮੁਲਜਮ ਵਿਰੁੱਧ ਮਾਮਲਾ ਦਰਜ ਕਰ ਕੇ ਉਸ ਨੂੰ ਅਦਾਲਤ ‘ਚ ਪੇਸ਼ ਕਰਕੇ ਹੋਰ ਪੁੱਛ ਗਿੱਛ ਲਈ ਦੋ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ।