ਚੰਡੀਗੜ੍ਹ, 21 ਮਈ 2023 – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਡਰੱਗ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਦਾ ਪੁਨਰਗਠਨ ਕਰ ਦਿੱਤਾ ਗਿਆ ਹੈ। ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਰਾਹੁਲ ਐਸ. ਦੀ ਥਾਂ ਐਮਐਸ ਛੀਨਾ, ਆਈਪੀਐਸ, ਆਈਜੀਪੀ ਪਟਿਆਲਾ ਰੇਂਜ, ਹੁਣ ਐਸਆਈਟੀ ਦੀ ਅਗਵਾਈ ਕਰਨਗੇ।
ਐਸਆਈਟੀ ਦੇ ਬਾਕੀ ਮੈਂਬਰ ਉਹੀ ਰਹਿਣਗੇ। ਇਨ੍ਹਾਂ ਵਿੱਚ ਏਆਈਜੀ ਰੈਂਕ ਦੇ ਅਧਿਕਾਰੀ ਰਣਜੀਤ ਸਿੰਘ ਢਿੱਲੋਂ, ਰਘਬੀਰ ਸਿੰਘ (ਡੀਐਸਪੀ, ਐਸਟੀਐਫ, ਰੂਪਨਗਰ) ਤੇ ਅਮਰਪ੍ਰੀਤ ਸਿੰਘ (ਡੀਐਸਪੀ, ਖਰੜ-2) ਸ਼ਾਮਲ ਹਨ। ਰਾਹੁਲ ਐੱਸ ਨੂੰ ਕਥਿਤ ਤੌਰ ‘ਤੇ ਨਸ਼ਿਆਂ ਦੇ ਮਾਮਲਿਆਂ ‘ਚ ਚਲਾਨ ਪੇਸ਼ ਨਾ ਕਰਨ ‘ਤੇ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਸਰਕਾਰੀ ਬਿਆਨ ਅਨੁਸਾਰ ਰਾਹੁਲ ਸਿੰਘ ਵਿਜੀਲੈਂਸ ਬਿਊਰੋ ਦਾ ਹਿੱਸਾ ਹੋਣ ਦੇ ਨਾਤੇ ਵੱਡੀ ਗਿਣਤੀ ਵਿੱਚ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਨਿਗਰਾਨੀ ਕਰ ਰਹੇ ਹਨ, ਇਸ ਲਈ ਉਕਤ ਐਸਆਈਟੀ ਦਾ ਪੁਨਰਗਠਨ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਦੀ ਅਗਵਾਈ ਫੀਲਡ ਵਿੱਚ ਤਾਇਨਾਤ ਅਧਿਕਾਰੀ ਕਰਨਗੇ ਤਾਂ ਜੋ ਇਸ ਮਹੱਤਵਪੂਰਨ ਡਰੱਗ ਮਾਮਲੇ ਦੀ ਜਾਂਚ ‘ਤੇ ਧਿਆਨ ਕੇਂਦਰਿਤ ਕੀਤਾ ਜਾ ਸਕੇ।
ਇਹ ਹੈ ਮਾਮਲਾ
ਮਜੀਠੀਆ ‘ਤੇ ਦਸੰਬਰ 2021 ‘ਚ ਨਸ਼ਾ ਤਸਕਰਾਂ ਦੀ ਮਦਦ ਕਰਨ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਗਿਆ ਸੀ। ਹਾਲਾਂਕਿ, ਕੇਸ ਦਰਜ ਹੋਣ ਤੋਂ ਬਾਅਦ ਪੁਲਿਸ ਦੀ ਜਾਂਚ ਵਿਚ ਬਹੁਤੀ ਪ੍ਰਗਤੀ ਨਹੀਂ ਹੋਈ। ਇਸ ਤੋਂ ਪਹਿਲਾਂ ਇਕ ਪ੍ਰੈਸ ਕਾਨਫਰੰਸ ਵਿੱਚ ਮਜੀਠੀਆ ਨੇ ਬੇਕਸੂਰ ਹੋਣ ਦਾ ਦਾਅਵਾ ਕਰਦੇ ਹੋਏ ਕਿਹਾ ਸੀ ਕਿ ਪੁਲਿਸ ਕੋਲ ਉਸਦੇ ਖਿਲਾਫ ਕੁਝ ਨਹੀਂ ਹੈ ਤੇ ਉਹ ਚਲਾਨ ਪੇਸ਼ ਨਹੀਂ ਕਰ ਸਕੀ ਹੈ। ਉਨ੍ਹਾਂ ਕੇਸ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰ ਸਿਰਫ਼ ਕੇਸ ਨੂੰ ਅਦਾਲਤ ‘ਚ ਲਟਕਾਈ ਰੱਖਣਾ ਚਾਹੁੰਦੀ ਹੈ।