ਸਮਾਣਾ, 17 ਜੂਨ 2023- ਸ਼ਨਿੱਚਰਵਾਰ ਸਵੇਰੇ ਸਮਾਣਾ-ਪਟਿਆਲਾ ਰੋਡ ‘ਤੇ ਸਥਿਤ ਪਿੰਡ ਢੈਂਠਲ ਨਜ਼ਦੀਕ ਚਾਰ ਕਾਰਾਂ ਦੀ ਆਪਸੀ ਟੱਕਰ ਹੋ ਜਾਣ ਕਾਰਨ ਇਕ ਔਰਤ ਦੀ ਮੌਤ ਹੋ ਗਈ ਜਦੋਂ ਕਿ 3 ਬੱਚਿਆਂ ਸਮੇਤ 12 ਜਣੇ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ‘ਚ ਸ਼ਾਮਲ ਦੋ ਕਾਰ ਚਾਲਕ ਆਪਣੀਆਂ ਕਾਰਾਂ ਛੱੱਡ ਕੇ ਮੌਕੇ ਤੋਂ ਫਰਾਰ ਹੋ ਗਏ।
ਸਿਵਲ ਹਸਪਤਾਲ ਸਮਾਣਾ ‘ਚ ਦਾਖ਼ਲ ਸ਼ਮਸ਼ੇਰ ਸਿੰਘ ਪੁੱਤਰ ਰਾਮਦਾਸ ਵਾਸੀ ਗੁਲਾਹੜ ਨੇ ਦੱਸਿਆ ਕਿ ਉਹ ਆਪਣੇ ਪਰਿਵਾਰਿਕ ਮੈਂਬਰ ਮਾਤਾ ਜੀਤੋ ਬਾਈ, ਪਤਨੀ ਮਧੂ, ਭੈਣ ਸਰੋਜ ਰਾਣੀ ਪਤਨੀ ਕ੍ਰਿਸ਼ਨ ਲਾਲ ਵਾਸੀ ਕਰਨਾਲ, ਭਾਬੀ ਮੱਧੂ, ਭਤੀਜੇ ਅਭੀ, ਭਾਣਜੇ ਇਸ਼ਾਨ ਤੇ ਭਾਣਜੀ ਕਿਸਮਤ ਨਾਲ ਕਾਰ ਵਿੱਚ ਸਵਾਰ ਹੋ ਕੇ ਕਾਲੀ ਮਾਤਾ ਮੰਦਿਰ ਵਿਖੇ ਮੱਥਾ ਟੇਕਣ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਪਿੰਡ ਢੈਂਠਲ ਦੇ ਨਜ਼ਦੀਕ ਪਹੁੰਚੇ ਤਾਂ ਕਾਰ ਨੇ ਸਮਾਣਾ ਵੱਲੋਂ ਆ ਰਹੀਆਂ ਕਾਰਾਂ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਉਨਾਂ੍ਹ ਦੀ ਕਾਰ ਪਲਟ ਗਈ ਤੇ ਕਾਰ ਸਵਾਰ ਸਾਰੇ ਲੋਕ ਜ਼ਖ਼ਮੀ ਹੋ ਗਏ ਪਰ ਮੌਕੇ ‘ਤੇ ਖੜ੍ਹੇ ਲੋਕਾਂ ਨੇ ਉਨਾਂ੍ਹ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਸਮਾਣਾ ਪਹੁੰਚਾਇਆ।
ਇਸ ਦੌਰਾਨ ਪਿੰਡ ਮੈਂਮੜਾ (ਹਰਿਆਣਾ) ਤੋਂ ਕਾਰ ‘ਚ ਸਵਾਰ ਰਤੀਆ ਨਵਾਸੀ ਨਰਿੰਦਰ ਪਾਲ, ਧਰਮਿੰਦਰ ਸਿੰਘ, ਸੁਰਿੰਦਰ ਕੌਰ, ਪਰਮਜੀਤ ਕੌਰ ਅਤੇ ਨਰਿੰਦਰ ਕੌਰ ਪਤਨੀ ਰਸ਼ਪਾਲ ਸਿੰਘ ਸਿੰਘ ਜੋ ਕਿ ਇੱਕ ਭੋਗ ਸਮਾਗਮ ਵਿੱਚ ਸਾਮਲ ਹੋਣ ਲਈ ਜਾ ਰਹੇ ਸਨ ਤਾਂ ਆ ਰਹੀ ਕਾਰ ਨੇ ਇਨਾਂ੍ਹ ਦੀ ਕਾਰ ਨੂੰ ਵੀ ਟੱਕਰ ਮਾਰ ਦਿੱਤੀ। ਜਿਸ ਕਾਰਨ ਕਾਰ ‘ਚ ਸਵਾਰ ਸਾਰੇ ਲੋਕ ਜ਼ਖ਼ਮੀ ਹੋ ਗਏ। ਜਿਨਾਂ੍ਹ ਨੂੰ ਇਲਾਜ ਲਈ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਪਹੁੰਚਣ ‘ਤੇ ਡਾਕਟਰਾ ਨੇ ਨਰਿੰਦਰ ਕੌਰ ਨੂੰ ਮਿ੍ਤਕ ਐਲਾਨ ਦਿੱਤਾ ਅਤੇ ਬਾਕੀ ਚਾਰ ਇਲਾਜ ਅਧੀਨ ਹਨ। ਇਸ ਤੋਂ ਇਲਾਵਾ ਤਿੰਨ ਬੱਚਿਆਂ ਅਤੇ ਤਿੰਨ ਅੌਰਤਾਂ ਸਮੇਤ 6 ਨੂੰ ਮੁੱਢਲੇ ਇਲਾਜ ਤੋਂ ਬਾਅਦ ਹਸਪਤਾਲ ‘ਚੋਂ ਛੁੱਟੀ ਦੇ ਦਿੱਤੀ ਗਈ।
ਹਾਦਸਾ ਗ੍ਸਤ ਵਾਹਨਾਂ ਨੂੰ ਕਬਜ਼ੇ ‘ਚ ਲਿਆ : ਜਾਂਚ ਅਧਿਕਾਰੀ
ਮਾਮਲੇ ਦੇ ਜਾਂਚ ਅਧਿਕਾਰੀ ਰਾਜ ਕੁਮਾਰ ਨੇ ਦੱਸਿਆ ਕਿ ਮਿ੍ਤਕ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ‘ਚ ਰਖਵਾ ਦਿੱਤਾ ਗਿਆ ਹੈ।ਪੁਲਿਸ ਪਾਰਟੀ ਨੇ ਮੌਕੇ ‘ਤੇ ਪਹੁੰਚ ਕੇ ਹਾਦਸਾ ਗ੍ਸਤ ਵਾਹਨਾਂ ਨੂੰ ਆਪਣੇ ਕਬਜੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬਾਕੀ ਦੋ ਕਾਰਾਂ ‘ਚ ਸਵਾਰ ਲੋਕਾਂ ਬਾਰੇ ਖਬਰ ਲਿਖੇ ਜਾਣ ਤੱਕ ਕੁਝ ਪਤਾ ਨਹੀ ਲੱਗਾ।