ਚੰਡੀਗੜ੍ਹ, 23 ਜੂਨ 2023- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਭਗਵੰਤ ਮਾਨ ਦੀ ਸਰਕਾਰ ‘ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਪੰਜਾਬ ਦੀ ਵਿੱਤੀ ਹਾਲਤ ਨੂੰ ਗੰਭੀਰ ਕਰਾਰ ਦਿੱਤਾ ਹੈ। ਦਰਅਸਲ ਪੰਜਾਬ ਸਰਕਾਰ ਨੇ ਪੈਨਸ਼ਨਰਾਂ ਤੋਂ ਵੀ 200 ਰੁਪਏ ਵਸੂਲਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਇਕ ਵਾਰ ਫਿਰ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ‘ਤੇ ਆ ਗਈ ਹੈ। ਇਸ ਮੌਕੇ ਨਵਜੋਤ ਸਿੱਧੂ ਨੇ ਮਾਨ ਸਰਕਾਰ ਨੂੰ ਘੇਰਿਆ।
ਪੰਜਾਬ ਦੀ ਆਰਥਿਕ ਹਾਲਤ ਮਾੜੀ– ਸਿੱਧੂ
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਆਰਥਿਕ ਹਾਲਤ ਖਰਾਬ ਹੈ। ਸੂਬੇ ਵਿਚ ਕੋਈ ਆਮਦਨ ਨਹੀਂ ਹੈ। ਉਨ੍ਹਾਂ ਪੈਨਸ਼ਨ ਧਾਰਕਾਂ ਤੋਂ ਪੈਸੇ ਵਸੂਲਣ ਦੇ ਮੁੱਦੇ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਵਿਅਕਤੀਆਂ ਦੇ ਪੈਸੇ ਨਾਲ ਖ਼ਜ਼ਾਨਾ ਭਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਰਜ਼ੇ ਦੀ ਮਾਰ ਹੇਠ ਹੈ। ਨਵਜੋਤ ਨੇ ਅੱਗੇ ਕਿਹਾ ਕਿ ਅਸਿੱਧੇ ਟੈਕਸ ਤੇ ਹੁਣ ਸਪੱਸ਼ਟ ਸਿੱਧਾ ਟੈਕਸ ਹੈ। ਪੰਜਾਬ ਸਰਕਾਰ ਦੀ ਵਿੱਤੀ ਹਾਲਤ ਖਸਤਾ ਹਾਲਤ ‘ਚ ਸਾਫ ਦਿਖਾਈ ਦਿੰਦੀ ਹੈ।
‘ਬੱਕਰੇ ਦੀ ਮਾਂ ਕਦੋਂ ਤਕ ਖ਼ੈਰ ਮਨਾਏਗੀ ?’
ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੈਨਸ਼ਨਰਾਂ ‘ਤੇ 200 ਰੁਪਏ ਦਾ ਵਿਕਾਸ ਕਰ ਇਹ ਸੂਬੇ ਦੇ ਲੋਕਾਂ ‘ਤੇ ਪੈਸੇ ਦਾ ਇਕ ਹੋਰ ਹਮਲਾ ਹੈ। ਉਨ੍ਹਾਂ ਕਿਹਾ ਕਿ ਸੱਤਾ ਹਾਸਲ ਕਰਨ ਦੇ ਮਕਸਦ ਨਾਲ ਕੀਤੇ ਗਏ ਆਪ-ਮੁਹਾਰੇ ਵਾਅਦੇ ਵੋਟਰਾਂ ਤੋਂ ਟੈਕਸ ਲਾ ਕੇ ਪੂਰੇ ਕੀਤੇ ਜਾ ਰਹੇ ਹਨ, ਜਦਕਿ ਮਾਫੀਆ ਸੱਤਾਧਾਰੀਆਂ ਨੂੰ ਕਮਿਸ਼ਨ ਦੇ ਕੇ ਮਾਈਨਿੰਗ, ਸ਼ਰਾਬ, ਜ਼ਮੀਨ ਤੇ ਟਰਾਂਸਪੋਰਟ ਰਾਹੀਂ ਪੰਜਾਬ ਦੇ ਖਜ਼ਾਨੇ ‘ਚੋਂ ਮਾਲੀਆ ਕੱਢ ਰਿਹਾ ਹੈ।….ਬੱਕਰੇ ਦੀ ਮਾਂ ਕਦੋਂ ਤਕ ਖ਼ੈਰ ਮਨਾਏਗੀ ?’
ਕੀ ਸੀ ਪੰਜਾਬ ਸਰਕਾਰ ਦਾ ਫੈਸਲਾ ?
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੇ ਫੈਸਲੇ ਅਨੁਸਾਰ ਸੂਬੇ ਵਿਚ ਕੰਮ ਕਰਨ ਵਾਲਾ ਹਰ ਵਿਅਕਤੀ ਸੂਬਾ ਸਰਕਾਰ ਨੂੰ ਹਰ ਮਹੀਨੇ 200 ਰੁਪਏ ਵਿਕਾਸ ਤੇ ਪ੍ਰੋਫੈਸ਼ਨਲ ਟੈਕਸ ਵਜੋਂ ਅਦਾ ਕਰ ਰਿਹਾ ਸੀ। ਯਾਨੀ ਸਾਲ ਦਾ ਇਕ ਵਿਅਕਤੀ ਪੰਜਾਬ ਸਰਕਾਰ ਨੂੰ 2400 ਰੁਪਏ ਦੇ ਰਿਹਾ ਸੀ। ਇਹ ਸਿਰਫ ਨੌਕਰੀ ਪੇਸ਼ੇ ਵਾਲੇ ਲੋਕਾਂ ‘ਤੇ ਲਾਗੂ ਸੀ।