ਭਾਰਤ ਨੇ ਮੰਗਲਵਾਰ ਨੂੰ ਕੈਨੇਡਾ ਦੇ ਉਨ੍ਹਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਕਿ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਜਰ ਦੀ ਹੱਤਿਆ ‘ਚ ਭਾਰਤੀ ਏਜੰਟਾਂ ਦਾ ਹੱਥ ਹੋ ਸਕਦਾ ਹੈ। ਦਰਅਸਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Justin Trudeau) ਨੇ ਭਾਰਤ ‘ਤੇ ਵੱਡਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਹਰਦੀਪ ਸਿੰਘ ਨਿੱਜਰ (Hardeep Singh Nijjar) ਦੇ ਕਤਲ ਪਿੱਛੇ ਭਾਰਤ ਸਰਕਾਰ ਦਾ ਹੱਥ ਹੋ ਸਕਦਾ ਹੈ। ਇਸ ਦੇ ਜਵਾਬ ਵਿਚ ਹੁਣ ਭਾਰਤ ਸਰਕਾਰ ਨੇ ਇਕ ਬਿਆਨ ਜਾਰੀ ਕਰਕੇ ਕੈਨੇਡਾ ਨੂੰ ਤਾੜਨਾ ਕੀਤੀ ਹੈ ਤੇ ਕੈਨੇਡੀਅਨ ਡਿਪਲੋਮੈਟ ਨੂੰ ਪੰਜ ਦਿਨਾਂ ਦੇ ਅੰਦਰ ਦੇਸ਼ ਛੱਡਣ ਦੇ ਹੁਕਮ ਦਿੱਤੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਘਟਨਾ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਹੋਰ ਵਿਗੜਨ ਵਾਲੇ ਹਨ।
ਭਾਰਤ ਸਰਕਾਰ ਪਹਿਲਾਂ ਵੀ ਨਿੱਜਰ ਦੇ ਕਤਲ ਵਿੱਚ ਆਪਣੀ ਭੂਮਿਕਾ ਤੋਂ ਇਨਕਾਰ ਕਰ ਚੁੱਕੀ ਹੈ। ਕੈਨੇਡਾ ‘ਚ ਪਹਿਲਾਂ ਵੀ ਇਹ ਗੱਲ ਉਠ ਚੁੱਕੀ ਹੈ ਕਿ ਨਿੱਜਰ ਦਾ ਕਤਲ ਭਾਰਤੀ ਏਜੰਟਾਂ ਨੇ ਕੀਤਾ ਸੀ। ਪਰ ਭਾਰਤ ਨੇ ਆਪਣੇ ‘ਤੇ ਲੱਗੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਨਿੱਜਰ ਦੇ ਕਤਲ ‘ਚ ਭਾਰਤ ਦੀ ਭੂਮਿਕਾ ਦੀ ਜਾਂਚ ਦੇ ਮੱਦੇਨਜ਼ਰ ਕੈਨੇਡਾ ਨੇ ਆਪਣੇ ਚੋਟੀ ਦੇ ਭਾਰਤੀ ਡਿਪਲੋਮੈਟ ਨੂੰ ਵੀ ਕੱਢ ਦਿੱਤਾ ਹੈ।
ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਸਵੇਰੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸੰਸਦ ‘ਚ ਦਿੱਤੇ ਗਏ ਬਿਆਨ ਦੀ ਪੜਤਾਲ ਕੀਤੀ ਗਈ ਹੈ। ਉਨ੍ਹਾਂ ਦੇ ਵਿਦੇਸ਼ ਮੰਤਰੀ ਦਾ ਬਿਆਨ ਵੀ ਸੁਣਿਆ ਹੈ। ਅਸੀਂ ਕੈਨੇਡੀਅਨ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਦੇ ਦੋਸ਼ਾਂ ਨੂੰ ਰੱਦ ਕਰਦੇ ਹਾਂ। ਭਾਰਤ ਸਰਕਾਰ ‘ਤੇ ਕੈਨੇਡਾ ਵਿਚ ਹੋਣ ਵਾਲੀ ਕਿਸੇ ਵੀ ਹਿੰਸਾ ਵਿਚ ਸ਼ਾਮਲ ਹੋਣ ਦਾ ਦੋਸ਼ ਲਗਾਉਣਾ ਬੇਹੱਦ ਬੇਤੁਕਾ ਤੇ ਰਾਜਨੀਤੀ ਤੋਂ ਪ੍ਰੇਰਿਤ ਹੈ।
ਮੰਤਰਾਲੇ ਨੇ ਆਪਣੇ ਬਿਆਨ ‘ਚ ਕਿਹਾ ਕਿ ਅਜਿਹੇ ਬੇਬੁਨਿਆਦ ਦੋਸ਼ ਖਾਲਿਸਤਾਨੀ ਅੱਤਵਾਦੀਆਂ ਤੇ ਕੱਟੜਪੰਥੀਆਂ ਤੋਂ ਧਿਆਨ ਹਟਾਉਣ ਲਈ ਹਨ। ਉਨ੍ਹਾਂ ਨੂੰ ਕੈਨੇਡਾ ‘ਚ ਪਨਾਹ ਦਿੱਤੀ ਜਾ ਰਹੀ ਹੈ, ਜਦਕਿ ਉਹ ਭਾਰਤ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਲਈ ਖ਼ਤਰਾ ਬਣੇ ਹੋਏ ਹਨ। ਕੈਨੇਡੀਅਨ ਸਰਕਾਰ ਨੇ ਇਸ ਮੁੱਦੇ ‘ਤੇ ਚੁੱਪ ਧਾਰੀ ਹੋਈ ਹੈ ਜੋ ਕਿ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ। ਕੈਨੇਡੀਅਨ ਆਗੂਆਂ ਨੇ ਵੀ ਇਨ੍ਹਾਂ ਕੱਟੜਪੰਥੀਆਂ ਪ੍ਰਤੀ ਹਮਦਰਦੀ ਦਿਖਾਈ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ।