Thursday, November 21, 2024
Google search engine
HomePunjabਰਿਸ਼ਵਤ ਲੈਂਦਾ SHO ਗੁਰਵਿੰਦਰ ਸਿੰਘ ਭੁੱਲਰ ਗ੍ਰਿਫਤਾਰ, ਟਰੱਕ-ਟਰਾਲੇ ਦਾ ਪਤਾ ਲਾਉਣ ਬਦਲੇ...

ਰਿਸ਼ਵਤ ਲੈਂਦਾ SHO ਗੁਰਵਿੰਦਰ ਸਿੰਘ ਭੁੱਲਰ ਗ੍ਰਿਫਤਾਰ, ਟਰੱਕ-ਟਰਾਲੇ ਦਾ ਪਤਾ ਲਾਉਣ ਬਦਲੇ ਕੀਤਾ ਸੀ ਸੌਦਾ

ਚੰਡੀਗੜ੍ਹ, 06 ਅਕਤੂਬਰ 2023- ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਥਾਣਾ ਧਰਮਕੋਟ, ਜ਼ਿਲ੍ਹਾ ਮੋਗਾ ਵਿੱਚ ਤਾਇਨਾਤ ਐਸਐਚਓ ਗੁਰਵਿੰਦਰ ਸਿੰਘ ਭੁੱਲਰ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਇੰਸਪੈਕਟਰ ਨੂੰ ਸੁਖਵਿੰਦਰ ਸਿੰਘ ਵਾਸੀ ਪਿੰਡ ਨੂਰਪੁਰ ਹਕੀਮਾ (ਢਾਣੀ ਮਲੂਕ ਸਿੰਘ), ਤਹਿਸੀਲ ਧਰਮਕੋਟ ਵੱਲੋਂ ਦਰਜ ਕਰਵਾਈ ਸ਼ਿਕਾਇਤ ‘ਤੇ ਕਾਬੂ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਫਿਰੋਜ਼ਪੁਰ ਸਥਿਤ ਵਿਜੀਲੈਂਸ ਬਿਊਰੋ ਰੇਂਜ ਦੇ ਦਫਤਰ ਵਿਖੇ ਪਹੁੰਚ ਕੇ ਬਿਆਨ ਦਰਜ ਕਰਵਾਏ ਅਤੇ ਦੋਸ਼ ਲਾਇਆ ਹੈ ਕਿ ਉਸ ਦੇ ਚੋਰੀ ਹੋਏ ਟਰੱਕ-ਟਰਾਲੇ ਦਾ ਪਤਾ ਲਗਾਉਣ ਲਈ ਉਹ ਪਹਿਲਾਂ ਥਾਣਾ ਕੋਟ ਈਸੇ ਖਾਂ, ਮੋਗਾ ਜਿਲ੍ਹਾ ਵਿਖੇ ਗਿਆ ਅਤੇ ਉਪਰੋਕਤ ਐਸ.ਐਚ.ਓ ਨੂੰ ਮਿਲਿਆ ਜਿਸ ਨੇ ਇਸ ਸਬੰਧ ਵਿੱਚ ਮੱਦਦ ਕਰਨ ਲਈ ਇੱਕ ਲੱਖ ਰੁਪਏ ਦੀ ਮੰਗ ਕੀਤੀ ਪਰ ਆਖਰਕਾਰ ਸੌਦਾ 80,000 ਰੁਪਏ ਵਿੱਚ ਤੈਅ ਹੋ ਗਿਆ। ਇਸ ਤੋਂ ਬਾਅਦ ਉਕਤ ਥਾਣੇਦਾਰ ਨੇ ਸ਼ਿਕਾਇਤਕਰਤਾ ਤੋਂ ਪੇਸ਼ਗੀ ਕਿਸ਼ਤ ਵਜੋਂ 50,000 ਰੁਪਏ ਲੈ ਲਏ ਪਰ ਸ਼ਿਕਾਇਤਕਰਤਾ ਨੇ ਉਸ ਨੂੰ ਕਿਹਾ ਕਿ ਉਹ ਟਰੱਕ-ਟ੍ਰੇਲਰ ਦਾ ਥਹੁ-ਪਤਾ ਲੱਗਣ ਤੋਂ ਬਾਅਦ ਹੀ ਬਾਕੀ ਰਹਿੰਦੀ ਰਕਮ ਦੇਵੇਗਾ।

ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਾਇਆ ਕਿ ਉਹ ਆਪਣੇ ਟਰਾਲੇ ਬਾਰੇ ਪਤਾ ਲਾਉਣ ਲਈ ਦੁਬਾਰਾ ਥਾਣਾ ਕੋਟ ਈਸੇ ਖਾਂ ਪੁੱਜਾਂ ਤਾਂ ਪਤਾ ਲੱਗਾ ਕਿ ਉਕਤ ਥਾਣੇਦਾਰ ਦਾ ਤਬਾਦਲਾ ਬਤੌਰ ਐੱਸਐੱਚਓ ਧਰਮਕੋਟ ਹੋ ਗਿਆ ਹੈ। ਫਿਰ ਉਹ ਉਸ ਨੂੰ ਨਵੀਂ ਤਾਇਨਾਤੀ ਵਾਲੇ ਥਾਣੇ ਵਿੱਚ ਮਿਲਿਆ ਜਿੱਥੇ ਉਕਤ ਥਾਣੇਦਾਰ ਨੇ ਰਿਸ਼ਵਤ ਦੀ ਬਕਾਇਆ ਰਕਮ ਦੇਣ ਪਿੱਛੋਂ ਹੀ ਗੁਜਰਾਤ ਤੋਂ ਉਸ ਦੀ ਗੱਡੀ ਬਰਾਮਦ ਕਰਨ ਦੀ ਗੱਲ ਕੀਤੀ। ਇਸ ਤੋਂ ਬਾਅਦ ਥਾਣੇ ਵਿੱਚ ਹੀ ਐਸ.ਐਚ.ਓ. ਨੇ ਸ਼ਿਕਾਇਤਕਰਤਾ ਤੋਂ ਦੂਜੀ ਕਿਸ਼ਤ ਵਜੋਂ 20,000 ਰੁਪਏ ਲੈ ਲਏ ਅਤੇ ਬਕਾਇਆ ਰਕਮ ਤੁਰੰਤ ਅਦਾ ਕਰਨ ਦੀ ਹਦਾਇਤ ਕੀਤੀ।

ਇਸ ਭ੍ਰਿਸ਼ਟਾਚਾਰ ਦੇ ਅੱਗੇ ਨਾ ਝੁਕਣ ਕਰਕੇ, ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਉਰੋ ਰੇਂਜ ਦੇ ਦਫਤਰ ਕੋਲ ਜਾਣ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਜਦੋਂ ਉਕਤ ਐਸ.ਐਚ.ਓ. 10,000 ਰੁਪਏ ਦੀ ਬਕਾਇਆ ਰਕਮ ਦੀ ਮੰਗ ਰਿਹਾ ਸੀ ਤਾਂ ਸ਼ਿਕਾਇਤਕਰਤਾ ਨੇ ਗੱਲਬਾਤ ਰਿਕਾਰਡ ਕਰ ਲਈ ਅਤੇ ਸਬੂਤ ਵਜੋਂ ਵਿਜੀਲੈਂਸ ਬਿਊਰੋ ਦਫ਼ਤਰ ਨੂੰ ਸੌਂਪ ਦਿੱਤੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਇਸ ਮਾਮਲੇ ਵਿੱਚ ਐਸਐਚਓ ਨੂੰ ਦੋਸ਼ੀ ਪਾਏ ਜਾਣ ਤੋਂ ਬਾਅਦ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰ ਲਿਆ ਹੈ। ਇਸ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ, ਜਿਸ ਦੇ ਨਤੀਜੇ ਵਜੋਂ ਥਾਣੇਦਾਰ ਗੁਰਵਿੰਦਰ ਸਿੰਘ ਭੁੱਲਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 10,000 ਰੁਪਏ ਦੀ ਰਿਸ਼ਵਤ ਲੈੰਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।

ਇਸ ਸਬੰਧੀ ਉਕਤ ਪੁਲਿਸ ਮੁਲਾਜ਼ਮ ਦੇ ਖਿਲਾਫ ਥਾਣਾ ਵਿਜੀਲੈਂਸ ਬਿਉਰੋ ਰੇਂਜ ਫਿਰੋਜ਼ਪੁਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਧੀਨ ਐਫ.ਆਈ.ਆਰ. ਨੰਬਰ 26 ਮਿਤੀ 5 ਅਕਤੂਬਰ 2023 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਫੜੇ ਗਏ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਕੇਸ ਬਾਰੇ ਅਗਲੇਰੀ ਕਾਰਵਾਈ ਜਾਰੀ ਹੈ।

RELATED ARTICLES
- Advertisment -
Google search engine

Most Popular

Recent Comments