ਨਵੀਂ ਦਿੱਲੀ- ਆਈਸੀਸੀ ਵਿਸ਼ਵ ਕੱਪ 2023 ਵਿੱਚ, ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਜਿੱਤ ਦਾ ਪੰਚ ਲਗਾਇਆ। ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਟੀਮ ਇੰਡੀਆ ਨੇ 20 ਸਾਲ ਬਾਅਦ ਆਈਸੀਸੀ ਟੂਰਨਾਮੈਂਟ ‘ਚ ਕੀਵੀ ਟੀਮ ਖ਼ਿਲਾਫ਼ ਜਿੱਤ ਦਾ ਸਵਾਦ ਚੱਖਿਆ। ਵਿਰਾਟ ਕੋਹਲੀ ਨੇ ਧਰਮਸ਼ਾਲਾ ਮੈਦਾਨ ‘ਤੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਨਾਲ ਫੈਨਜ਼ ਦਾ ਮਨੋਰੰਜਨ ਕੀਤਾ। ਭਾਵੇਂ ਵਿਰਾਟ ਸਿਰਫ਼ 5 ਦੌੜਾਂ ਨਾਲ ਸਚਿਨ ਤੇਂਦੁਲਕਰ ਦੇ ਮਹਾਨ ਰਿਕਾਰਡ ਦੀ ਬਰਾਬਰੀ ਕਰਨ ਤੋਂ ਖੁੰਝ ਗਏ ਪਰ ਇਸ ਮੈਚ ਨੇ ਦਰਸ਼ਕਾਂ ਦੀ ਗਿਣਤੀ ਦੇ ਮਾਮਲੇ ਵਿੱਚ ਨਵਾਂ ਰਿਕਾਰਡ ਕਾਇਮ ਕੀਤਾ ਹੈ।
ਭਾਰਤ–ਨਿਊਜ਼ੀਲੈਂਡ ਮੈਚ ਨੇ ਤੋੜੇ ਸਾਰੇ ਰਿਕਾਰਡ
ਭਾਰਤ ਤੇ ਨਿਊਜ਼ੀਲੈਂਡ (IND vs NZ) ਵਿਚਕਾਰ ਖੇਡੇ ਗਏ ਵਿਸ਼ਵ ਕੱਪ 2023 ਦੇ ਮਹੱਤਵਪੂਰਨ ਮੈਚ ਨੇ ਦਰਸ਼ਕਾਂ ਦੇ ਸਾਰੇ ਰਿਕਾਰਡ ਤੋੜ ਦਿੱਤੇ। ਡਿਜ਼ਨੀ ਪਲੱਸ ਹਾਟਸਟਾਰ ‘ਤੇ ਇਸ ਮੈਚ ਨੂੰ 4.3 ਕਰੋੜ ਲੋਕਾਂ ਨੇ ਇੱਕੋ ਸਮੇਂ ਦੇਖਿਆ ਜੋ ਕਿ ਇੱਕ ਨਵਾਂ ਰਿਕਾਰਡ ਵੀ ਹੈ। ਦਰਸ਼ਕਾਂ ਦੀ ਗਿਣਤੀ ਦੇ ਲਿਹਾਜ਼ ਨਾਲ ਭਾਰਤ-ਨਿਊਜ਼ੀਲੈਂਡ ਮੈਚ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਮੈਚ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
20 ਸਾਲ ਬਾਅਦ ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾਇਆ
ਆਈਸੀਸੀ ਟੂਰਨਾਮੈਂਟ ਵਿੱਚ ਭਾਰਤੀ ਟੀਮ ਨੇ 20 ਸਾਲ ਬਾਅਦ ਨਿਊਜ਼ੀਲੈਂਡ ਤੋਂ ਹਾਰ ਦਾ ਸਵਾਦ ਚੱਖਿਆ। 2003 ਤੋਂ ਬਾਅਦ ਪਹਿਲੀ ਵਾਰ ਟੀਮ ਇੰਡੀਆ ਨੇ ਧਰਮਸ਼ਾਲਾ ਮੈਦਾਨ ‘ਤੇ ਕੀਵੀ ਟੀਮ ਖ਼ਿਲਾਫ਼ 4 ਵਿਕਟਾਂ ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਦੇ ਹੀਰੋ ਇੱਕ ਵਾਰ ਫਿਰ ਵਿਰਾਟ ਕੋਹਲੀ ਰਹੇ ਜਿਨ੍ਹਾਂ ਨੇ 95 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਹਾਲਾਂਕਿ ਵਿਰਾਟ ਆਪਣਾ ਸੈਂਕੜਾ ਬਣਾਉਣ ਤੋਂ ਖੁੰਝ ਗਏ। ਕੋਹਲੀ ਤੋਂ ਇਲਾਵਾ ਰੋਹਿਤ ਸ਼ਰਮਾ ਅਤੇ ਰਵਿੰਦਰ ਜਡੇਜਾ ਨੇ ਵੀ ਬੱਲੇ ਨਾਲ ਯੋਗਦਾਨ ਦਿੱਤਾ।