ਚੰਡੀਗੜ੍ਹ, 07 ਨਵੰਬਰ 2023- ਆਮ ਆਦਮੀ ਪਾਰਟੀ ਸਰਕਾਰ ਦੇ ਮੰਤਰੀ ਮੀਤ ਹੇਅਰ ਤੀਜੇ ਮੰਤਰੀ ਹੋਣਗੇ ਜੋ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਵਿਆਹ ਸਾਦੇ ਢੰਗ ਨਾਲ ਹੋਵੇਗਾ। ਆਨੰਦ ਕਾਰਜ ਤੇ ਰਿਸੈਪਸ਼ਨ ਲਈ ਸਿਰਫ਼ ਪਰਿਵਾਰਕ ਮੈਂਬਰਾਂ ਤੇ ਕਰੀਬੀਆਂ ਨੂੰ ਹੀ ਸੱਦਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਰਕਾਰ ਬਣਨ ਤੋਂ ਬਾਅਦ ਵਿਆਹ ਕਰਵਾ ਚੁੱਕੇ ਹਨ। ਭਗਵੰਤ ਮਾਨ ਦੀ ਕੈਬਨਿਟ ‘ਚ ਹੁਣ ਅਨਮੋਲ ਗਗਨ ਮਾਨ ਹੀ ਅਜਿਹੇ ਮੰਤਰੀ ਰਹਿ ਗਏ ਹਨ ਜਿਨ੍ਹਾਂ ਦਾ ਅਜੇ ਤਕ ਵਿਆਹ ਨਹੀਂ ਹੋਇਆ ਹੈ।
ਮੀਤ ਹੇਅਰ ਇਸ ਸਮੇਂ ਜਲ ਸਰੋਤ ਵਿਭਾਗ ਦੇ ਮੰਤਰੀ ਹਨ। ਇਨ੍ਹਾਂ ਦੇ ਵਿਆਹ ਦੀਆਂ ਰਸਮਾਂ ਅੱਜ ਤੇ ਕੱਲ੍ਹ ਯਾਨੀ 7 ਤੇ 8 ਨਵੰਬਰ ਨੂੰ ਹੋਣਗੀਆਂ। ਡਾ. ਗੁਰਵੀਨ ਕੌਰ ਦੇ ਪਿਤਾ ਭੁਪਿੰਦਰ ਸਿੰਘ ਨੂੰ ਭਾਰਤੀ ਓਲੰਪਿਕ ਸੰਘ ਵੱਲੋਂ ਹਾਲ ਹੀ ‘ਚ ਸੰਪੰਨ ਹੋਈਆਂ ਏਸ਼ਿਆਈ ਖੇਡਾਂ ‘ਚ ਬਤੌਰ ਚੀਫ ਭੇਜਿਆ ਗਿਆ ਸੀ। ਭਾਰਤ-ਪਾਕਿ ਵੰਡ ਤੋਂ ਬਾਅਦ ਭੁਪਿੰਦਰ ਸਿੰਘ ਬਾਜਵਾ ਦਾ ਪਰਿਵਾਰ ਭਾਰਤ ਆ ਕੇ ਮੇਰਠ ਵੱਸ ਗਿਆ ਸੀ। ਡਾ. ਗੁਰਵੀਨ ਕੌਰ ਰੇਡੀਓਲੋਜਿਸਟ ਹਨ।