ਰਾਜਪੁਰਾ, 24 ਨਵੰਬਰ 2023 – ਇੱਥੋ ਦੇ ਨਿੱਜੀ ਹੋਟਲ ਦੀ ਛੱਤ ਤੋਂ ਡਿੱਗਣ ਕਾਰਨ ਇਕ ਸਫਾਈ ਕਰਮਚਾਰੀ ਦੀ ਮੌਤ ਹੋ ਗਈ। ਥਾਣਾ ਸਿਟੀ ਪੁਲਿਸ ਨੇ ਲਾਸ਼ ਆਪਣੇ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਬੰਟੀ (42) ਵਾਸੀ ਬਨਵਾੜੀ ਰਾਜਪੁਰਾ ਸਥਾਨਕ ਉੱਘੇ ਸਿਮਰਨ ਮਯੂਰ ਹੋਟਲ ਵਿਚ ਸਫ਼ਾਈ ਸੇਵਕ ਵਜੋਂ ਰਾਤ ਦੀ ਡਿਊਟੀ ਕਰਦਾ ਸੀ। ਸਵੇਰੇ ਹੋਟਲ ਦੇ ਸਟਾਫ ਨੇ ਦੇਖਿਆ ਕਿ ਬੰਟੀ ਛੱਤ ਤੋਂ ਡਿੱਗਾ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਮਾਲਕ ਮਹਿੰਦਰ ਕੁਮਾਰ ਪੱਪੂ ਨੂੰ ਸੂਚਿਤ ਕੀਤਾ। ਮਹਿੰਦਰ ਪੱਪੂ ਨੇ ਹੋਟਲ ਕਰਮਚਾਰੀਆਂ ਨੂੰ ਥੱਲੇ ਡਿੱਗੇ ਸਫ਼ਾਈ ਸੇਵਕ ਬੰਟੀ ਨੂੰ ਸਥਾਨਕ ਸਿਵਲ ਹਸਪਤਾਲ ਲੈ ਜਾਣ ਲਈ ਕਿਹਾ ਤੇ ‘ਆਪ’ ਵੀ ਹਸਪਤਾਲ ਪਹੁੰਚ ਗਏ ਤੇ ਡਾਕਟਰਾਂ ਨਾਲ ਗੱਲਬਾਤ ਕੀਤੀ ਪਰ ਡਾਕਟਰਾਂ ਨੇ ਬੰਟੀ ਨੂੰ ਮਿ੍ਤਕ ਐਲਾਨ ਦਿੱਤਾ। ਇਸੇ ਦੌਰਾਨ ਨਗਰ ਕੌਂਸਲ ਸਫਾਈ ਯੂਨੀਅਨ ਦੇ ਪ੍ਰਧਾਨ ਅਤੇ ਮਿ੍ਤਕ ਦੇ ਰਿਸ਼ਤੇਦਾਰ ਹੰਸ ਰਾਜ ਨੇ ਕਿਹਾ ਕਿ ਉਨ੍ਹਾਂ ਨੇ ਹਸਪਤਾਲ ਦੇ ਮੁਰਦਾ ਘਰ ‘ਚ ਮਿ੍ਤਕ ਬੰਟੀ ਦੀ ਲਾਸ਼ ਦੇਖੀ ਹੈ ਤੇ ਮਿ੍ਤਕ ਦੀ ਗਰਦਨ ਤੇ ਹੱਥ ਤੇ ਸੱਟ ਦੇ ਨਿਸ਼ਾਨ ਹਨ। ਉਨ੍ਹਾਂ ਕਿਹਾ ਕਿ ਉਹ ਪੋਸਟਮਾਰਟਮ ਦੀ ਰਿਪੋਰਟ ਦੀ ਉਡੀਕ ਕਰ ਰਹੇ ਹਨ। ਇਸ ਦੌਰਾਨ ਇਹ ਵੀ ਜਾਣਕਾਰੀ ਮਿਲੀ ਹੈ ਕਿ ਹੋਟਲ ਮਾਲਕ ਮਿ੍ਤਕ ਦੇ ਪਰਿਵਾਰਿਕ ਮੈਂਬਰਾਂ ਨਾਲ ਸਮਝੌਤਾ ਕਰਨ ਲਈ ਗੱਲਬਾਤ ਕਰ ਰਹੇ ਹਨ। ਇਸ ਸਬੰਧੀ ਥਾਣਾ ਸਿਟੀ ਦੇ ਐੱਸਐੱਚਓ ਇੰਸਪੈਕਟਰ ਪਿੰ੍ਸਪ੍ਰਰੀਤ ਨੇ ਕਿਹਾ ਕਿ ਅਜੇ ਤੱਕ ਮਿ੍ਤਕ ਦੇ ਪਰਿਵਾਰ ਵੱਲੋਂ ਕੋਈ ਬਿਆਨ ਦਰਜ ਨਹੀਂ ਕਰਵਾਏ ਗਏ। ਬਿਆਨ ਦਰਜ ਕਰਵਾਏ ਜਾਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।