ਅੰਮ੍ਰਿਤਸਰ, 06 ਦਸੰਬਰ 2023 – ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਕੱਕੜ ਵਿਖੇ ਇਕ ਮਹਿਲਾ ਉੱਪਰ ਸਾਰੇ ਪਰਿਵਾਰ ਨੂੰ ਨਸ਼ੀਲੀਆਂ ਗੋਲੀਆਂ ਦੇਣ ਦੇ ਦੋਸ਼ ਲਗਾਏ ਗਏ ਹਨ, ਜਿਸ ਉਪਰੰਤ ਦੋ ਸਾਲ ਦੀ ਬੱਚੀ ਦੀ ਇਲਾਜ ਦੌਰਾਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਲੜਕੀ ਦੇ ਪਿਤਾ ਨੇ ਆਪਣੀ ਪਤਨੀ ਉੱਪਰ ਬੱਚੀ ਨੂੰ ਨਸ਼ੀਲੀਆਂ ਗੋਲੀਆਂ ਦੇ ਕੇ ਨੂੰ ਜਾਨੋ ਮਾਰਨ ਦੇ ਦੋਸ਼ ਲਗਾਏ ਹਨ। ਮ੍ਰਿਤਕ ਬੱਚੀ ਦੇ ਵਾਰਸ ਥਾਣਾ ਲੋਪੋਕੇ ਵਿਖੇ ਲਾਸ਼ ਨੂੰ ਲੈ ਕੇ ਇਨਸਾਫ ਦੀ ਮੰਗ ਕਰਦੇ ਰਹੇ। ਮ੍ਰਿਤਕ ਬੱਚੀ ਨਿਮਰਤ ਦੇ ਪਿਤਾ ਹੀਰਾ ਸਿੰਘ ਵਾਸੀ ਪਿੰਡ ਕੱਕੜ ਨੇ ਭਰੇ ਹੋਏ ਮਨ ਨਾਲ ਦੱਸਿਆ ਕਿ ਮੇਰੀ ਪਤਨੀ ਲਛਮੀ ਕੌਰ ਦੇ ਗੁਆਂਢ ਵਿਚ ਰਹਿੰਦੇ ਲੜਕੇ ਨਾਲ ਨਜਾਇਜ਼ ਸਬੰਧ ਸਨ।
ਪਤਾ ਲੱਗਣ ‘ਤੇ ਅਸੀਂ ਉਸ ਨੂੰ ਕਈ ਵਾਰ ਰੋਕਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਹ ਅੜੀ ਰਹੀ। ਬੀਤੀ ਰਾਤ ਲਛਮੀ ਕੌਰ ਨੇ ਸਾਰੇ ਪਰਿਵਾਰ ਨੂੰ ਖਾਣੇ ‘ਚ ਨੀਂਦ ਦੀਆਂ ਗੋਲੀਆਂ ਦੇ ਦਿੱਤੀਆਂ ਤੇ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਨਸ਼ੀਲੀਆਂ ਗੋਲੀਆਂ ਕਾਰਨ ਸਾਰੇ ਪਰਿਵਾਰ ਦੀ ਸਿਹਤ ਖਰਾਬ ਹੋ ਗਈ ਪ੍ਰੰਤੂ ਇਹ ਛੋਟੀ ਬੱਚੀ ਦੀ ਇਲਾਜ ਦੌਰਾਨ ਮੌਤ ਹੋ ਗਈ। ਖਬਰ ਲਿਖੇ ਜਾਣ ਤਕ ਲਛਮੀ ਕੌਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ, ਜਦੋਂਕਿ ਉਸ ਦਾ ਪ੍ਰੇਮੀ ਹਾਲੇ ਫਰਾਰ ਦੱਸਿਆ ਜਾ ਰਿਹਾ ਸੀ। ਪੁਲਿਸ ਵਲੋਂ ਬੱਚੀ ਨਿਮਰਤ ਕੌਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਲੋਪੋਕੇ ਦੇ ਐਸਐਚਓ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਤਹਿਤ ਹੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।