ਰੋਪੜ, 13 ਦਸੰਬਰ 2023 – ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਅੱਜ ਰੂਪਨਗਰ ਦੇ ਅਚਨਚੇਤ ਦੌਰੇ ‘ਤੇ ਹਨ। ਮੁੱਖ ਮੰਤਰੀ ਮੋਰਿੰਡਾ ਬਲਾਕ ਦੇ ਪਿੰਡ ਸੁੱਖੋਮਾਜਰਾ ਦੇ ਸਕੂਲ ਆਫ ਐਮੀਨੈਂਸ ਪੁੱਜੇ ਹਨ। ਐਸਐਸਪੀ ਗੁਲਨੀਤ ਸਿੰਘ ਖੁਰਾਣਾ ਵੀ ਮੁੱਖ ਮੰਤਰੀ ਦੇ ਨਾਲ ਹਨ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਨਾ ਸਿਰਫ਼ ਸਕੂਲ ਦੇ ਪ੍ਰਿੰਸੀਪਲ ਤੇ ਸਟਾਫ਼ ਨਾਲ ਗੱਲਬਾਤ ਕੀਤੀ ਸਗੋਂ ਵਿਦਿਆਰਥੀਆਂ ਨੂੰ ਸੰਬੋਧਨ ਵੀ ਕੀਤਾ।
ਮੁੱਖ ਮੰਤਰੀ ਨੇ ਸਾਰਿਆਂ ਨੂੰ ਉਨ੍ਹਾਂ ਦੀਆਂ ਮੁਸ਼ਕਿਲਾਂ ਤੇ ਸਕੂਲ ਦੀਆਂ ਕਮੀਆਂ ਬਾਰੇ ਪੁੱਛਿਆ। ਜਿਨ੍ਹਾਂ ਨੂੰ ਵੀ ਮੁੱਖ ਮੰਤਰੀ ਮਾਨ ਮਿਲੇ, ਉਨ੍ਹਾਂ ਨੂੰ ਕਮੀਆਂ ਬਾਰੇ ਪੁੱਛਿਆ। ਭਗਵੰਤ ਮਾਨ ਨੇ ਸਕੂਲ ਪ੍ਰਿੰਸੀਪਲ ਨੂੰ ਕਿਹਾ ਕਿ ਉਹ ਇੱਥੇ ਛਾਪਾ ਮਾਰਨ ਨਹੀਂ ਸਗੋਂ ਕਮੀਆਂ ਦੂਰ ਕਰਨ ਲਈ ਆਏ ਹਨ। ਕਈ ਵਿਦਿਆਰਥੀਆਂ ਨੇ ਦੱਸਿਆ ਕਿ ਉਹ ਪਹਿਲਾਂ ਪ੍ਰਾਈਵੇਟ ਸਕੂਲ ‘ਚ ਪੜ੍ਹਦੇ ਸਨ। ਪਰ ਹੁਣ ਸਕੂਲਾਂ ‘ਚ ਬਿਹਤਰ ਸਿੱਖਿਆ ਪ੍ਰਣਾਲੀ ਦੇ ਮੱਦੇਨਜ਼ਰ ਮਾਪਿਆਂ ਨੇ ਉਨ੍ਹਾਂ ਨੂੰ ਸਰਕਾਰੀ ਸਕੂਲ ‘ਚ ਦਾਖ਼ਲਾ ਦਿਵਾਇਆ ਤੇ ਉਹ ਵੀ ਹੁਣ ਸਰਕਾਰੀ ਸਕੂਲ ‘ਚ ਪੜ੍ਹ ਕੇ ਖੁਸ਼ ਹਨ। ਮੁੱਖ ਮੰਤਰੀ ਨੇ ਸਕੂਲ ਪ੍ਰਬੰਧਕਾਂ ਨੂੰ ਸਕੂਲ ‘ਚ ਖਾਲੀ ਅਸਾਮੀਆਂ, ਇਮਾਰਤ ਦੀ ਘਾਟ, ਫਰਨੀਚਰ ਦੀ ਘਾਟ ਆਦਿ ਬਾਰੇ ਵੀ ਪੁੱਛਿਆ।
ਇੱਥੇ ਸੀਐੱਮ ਮਾਨ ਨੇ ਵਿਦਿਆਰਥੀਆਂ ਤੋਂ ਸਕੂਲ ਦੀ ਕਾਰਗੁਜ਼ਾਰੀ ਸਬੰਧੀ ਸਵਾਲ-ਜਵਾਬ ਕੀਤੇ। ਇਕ ਵਿਦਿਆਰਥਣ ਵੱਲੋਂ ਸਕੂਲ ਦੂਰ ਹੋਣ ਆਉਂਦੀ ਟਰਾਂਸਪੋਰਟ ਦੀ ਪਰੇਸ਼ਾਨੀ ਬਾਰੇ ਦੱਸਣ ‘ਤੇ ਸੀਐੱਮ ਮਾਨ ਨੇ ਕਿਹਾ ਕਿ ਜਲਦ ਹੀ ਸਰਕਾਰੀ ਸਕੂਲਾਂ ‘ਚ ਬੱਸਾਂ ਦਾ ਸਹੂਲਤ ਸ਼ੁਰੂ ਹੋਵੇਗੀ ਜਿਨ੍ਹਾਂ ਵਿਚ ਜੀਪੀਐੱਸ ਦੀ ਸਹੂਲਤ ਹੋਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ‘ਚ 16 ਦਸੰਬਰ ਨੂੰ PTM ਹੋਵੇਗਾ। ਸੀਐੱਮ ਮਾਨ ਨੇ ਵਿਦਿਆਰਥੀਆਂ ਨਾਲ ਜ਼ਮੀਨ ‘ਤੇ ਬੈਠ ਕੇ ਗੱਲਬਾਤ ਕੀਤੀ।