ਨਵੀਂ ਦਿੱਲੀ, 15 ਦਸੰਬਰ 2023 – ਸੋਸ਼ਲ ਮੀਡੀਆ ‘ਤੇ ਟੀਵੀ ਅਦਾਕਾਰਾ ਵੈਸ਼ਨਵੀ ਧਨਰਾਜ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਅਭਿਨੇਤਰੀ ਮਦਦ ਦੀ ਗੁਹਾਰ ਲਗਾਉਂਦੀ ਨਜ਼ਰ ਆ ਰਹੀ ਹੈ। ਵੈਸ਼ਨਵੀ ਧਨਰਾਜ ਦੇ ਚਿਹਰੇ ਤੇ ਸਰੀਰ ‘ਤੇ ਸੱਟਾਂ ਦੇ ਕਈ ਨਿਸ਼ਾਨ ਹਨ। ਵੀਡੀਓ ‘ਚ ਅਦਾਕਾਰਾ ਨੇ ਕਿਹਾ ਕਿ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਕੁੱਟਮਾਰ ਕੀਤੀ।
ਵੈਸ਼ਨਵੀ ਧਨਰਾਜ ਕਈ ਵੱਡੇ ਟੀਵੀ ਸ਼ੋਅਜ਼ ਦਾ ਹਿੱਸਾ ਰਹਿ ਚੁੱਕੀ ਹੈ। ਉਹ ਕ੍ਰਾਈਮ ਡਰਾਮਾ ਸ਼ੋਅ ਸੀਆਈਡੀ, ਤੇਰੇ ਇਸ਼ਕ ਮੈਂ ਘਾਇਲ ਤੇ ਬੇਪੰਨਾ ਵਰਗੇ ਮਸ਼ਹੂਰ ਸ਼ੋਅ ਦਾ ਹਿੱਸਾ ਰਹੀ ਹੈ।
ਥਾਣੇ ਪਹੁੰਚੀ ਅਦਾਕਾਰਾ
ਵੈਸ਼ਨਵੀ ਧਨਰਾਜ ਨੇ ਆਪਣੇ ਨਾਲ ਹੋਏ ਝਗੜੇ ਬਾਰੇ ਗੱਲ ਕਰਦੇ ਹੋਏ ਖੁਦ ਦਾ ਇੱਕ ਵੀਡੀਓ ਜਾਰੀ ਕੀਤਾ ਤੇ ਸਾਰਿਆਂ ਨੂੰ ਮਦਦ ਕਰਨ ਦੀ ਬੇਨਤੀ ਕੀਤੀ। ਅਦਾਕਾਰਾ ਨੇ ਕੈਮਰੇ ‘ਤੇ ਆਪਣੇ ਚਿਹਰੇ, ਬੁੱਲ੍ਹਾਂ ਤੇ ਹੱਥਾਂ ‘ਤੇ ਸੱਟ ਦੇ ਨਿਸ਼ਾਨ ਵੀ ਦਿਖਾਏ। ਵੈਸ਼ਨਵੀ ਧਨਰਾਜ ਨੇ ਦੱਸਿਆ ਕਿ ਉਸ ਨੇ ਥਾਣੇ ਤੋਂ ਇਹ ਵੀਡੀਓ ਸ਼ੂਟ ਕੀਤਾ ਹੈ।
ਅਦਾਕਾਰਾ ਦੀ ਬੁਰੀ ਤਰ੍ਹਾਂ ਕੁੱਟਮਾਰ
ਵੈਸ਼ਨਵੀ ਧਨਰਾਜ ਨੇ ਵੀਡੀਓ ਵਿੱਚ ਕਿਹਾ, ਹੈਲੋ, ਮੈਂ ਵੈਸ਼ਨਵੀ ਧਨਰਾਜ ਹਾਂ। ਮੈਨੂੰ ਸੱਚਮੁੱਚ ਇਸ ਸਮੇਂ ਮਦਦ ਦੀ ਲੋੜ ਹੈ। ਮੈਂ ਇਸ ਸਮੇਂ ਕਾਸ਼ੀਮੀਰਾ (ਮੀਰਾ ਰੋਡ) ਥਾਣੇ ਵਿੱਚ ਹਾਂ ਤੇ ਮੇਰੇ ਪਰਿਵਾਰ ਵਾਲਿਆਂ ਨੇ ਮੇਰੀ ਕੁੱਟਮਾਰ ਕੀਤੀ ਹੈ। ਮੈਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ। ਕਿਰਪਾ ਕਰਕੇ ਮੈਨੂੰ ਤੁਹਾਡੀ ਹਰ ਮਦਦ ਦੀ ਲੋੜ ਹੈ। ਮੀਡੀਆ, ਨਿਊਜ਼ ਚੈਨਲ ਅਤੇ ਇੰਡਸਟਰੀ ਦੇ ਸਾਰੇ ਲੋਕ ਕਿਰਪਾ ਕਰਕੇ ਆਓ ਤੇ ਮੇਰੀ ਮਦਦ ਕਰੋ।
ਘਰੇਲੂ ਹਿੰਸਾ ਦਾ ਹੋ ਗਈ ਹੈ ਸ਼ਿਕਾਰ
ਵੈਸ਼ਨਵੀ ਧਨਰਾਜ ਇਸ ਤੋਂ ਪਹਿਲਾਂ ਵੀ ਸਰੀਰਕ ਹਿੰਸਾ ਦਾ ਸ਼ਿਕਾਰ ਹੋ ਚੁੱਕੀ ਹੈ। ਅਦਾਕਾਰਾ ਨੂੰ ਆਪਣੇ ਵਿਆਹ ਵਿੱਚ ਘਰੇਲੂ ਹਿੰਸਾ ਦਾ ਸਾਹਮਣਾ ਕਰਨਾ ਪਿਆ ਸੀ। ਵੈਸ਼ਨਵੀ ਧਨਰਾਜ ਨੇ ਸਾਲ 2016 ਵਿੱਚ ਅਦਾਕਾਰ ਨਿਤਿਨ ਸ਼ੇਰਾਵਤ ਨਾਲ ਵਿਆਹ ਕੀਤਾ ਸੀ। ਸਪਾਟਬੁਆਏ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ, ਅਦਾਕਾਰਾ ਨੇ ਖੁਲਾਸਾ ਕੀਤਾ ਸੀ ਕਿ ਉਹ ਘਰੇਲੂ ਹਿੰਸਾ ਦਾ ਸ਼ਿਕਾਰ ਸੀ ਅਤੇ ਇਸ ਲਈ ਉਸ ਨੇ ਤਲਾਕ ਲੈ ਲਿਆ ਸੀ।
ਖੂਨ ਬਹਿਣ ਤੱਕ ਪਤੀ ਨੇ ਮਾਰਿਆ
ਵੈਸ਼ਨਵੀ ਧਨਰਾਜ ਨੇ ਕਿਹਾ ਸੀ, “ਉਹ ਸ਼ਾਇਦ ਮੇਰੀ ਜਾਨ ਨਾ ਲੈ ਲਵੇ, ਪਰ ਮੈਂ ਇੰਨੀ ਡਰੀ ਹੋਈ ਸੀ ਕਿ ਮੈਂ ਘਰੋਂ ਭੱਜ ਗਈ। ਉਸ ਨੇ ਮੈਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਮੇਰੇ ਪੈਰ ’ਚੋਂ ਖੂਨ ਵਹਿ ਰਿਹਾ ਸੀ। ਭਾਵਨਾਤਮਕ, ਸਰੀਰਕ ਤੇ ਮਾਨਸਿਕ ਉਸ ਦੀ ਪਤਨੀ ਦੇ ਤੌਰ ‘ਤੇ ਉਹ ਮੇਰਾ ਆਖਰੀ ਦਿਨ ਸੀ। ਆਖਰਕਾਰ ਮੈਨੂੰ ਤਲਾਕ ਮਿਲ ਗਿਆ।”