Cabinet Minister ਬਲਕਾਰ ਸਿੰਘ ਨੂੰ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਮੰਤਰੀ ਬਲਕਾਰ ਸਿੰਘ ਨੂੰ ਸਵਾਲ ਕਰਦਿਆਂ ਭਗਵੰਤ ਮਾਨ ਸਰਕਾਰ ਦੀ ਬਿੱਲ ਮਾਫੀ ਦੇ ਦਾਅਵਿਆਂ ਦਾ ਮਜ਼ਾਕ ਉਡਾਉਂਦੇ ਹਜ਼ਾਰਾਂ ਰੁਪਏ ਦੇ ਭਾਰੀ ਘਰੇਲੂ ਬਿੱਲ ਵਿਖਾਉਂਦੇ ਕਿਹਾ ਗਿਆ ਕਿ ਬਿੱਲ ਮਾਫ਼ੀ ਦੇ ਨਾਂ ਹੇਠ ਐੱਸਸੀ, ਬੀਸੀ ਭਾਈਚਾਰੇ ਦੀ ਰਿਜ਼ਰਵੇਸ਼ਨ ਖ਼ਤਮ ਕਰਕੇ ਹਜ਼ਾਰਾਂ ਰੁਪਏ ਦੇ ਬਿੱਲ ਭੇਜੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਸਬ-ਕਮੇਟੀ ਦੀ ਮੀਟਿੰਗ ‘ਚ ਵਿੱਤ ਮੰਤਰੀ ਹਰਪਾਲ ਚੀਮਾ ਦੇ ਆਦੇਸ਼ਾਂ ਦੇ ਬਾਵਜੂਦ ਪਾਵਰਕਾਮ ਵੱਲੋਂ ਪੁਰਾਣੀ ਬਿੱਲ ਮਾਫ਼ੀ ਦੀ ਸਹੂਲਤ ਬਹਾਲ ਕਰਨ ਦੀ ਥਾਂ ਦਲਿਤਾਂ ਨੂੰ ਬਿੱਲ ਭੇਜੇ ਜਾ ਰਹੇ ਹਨ ਤੇ ਬਿੱਲਾਂ ਦੀ ਜ਼ਬਰੀ ਵਸੂਲੀ ਲਈ ਕੁਨੈਕਸ਼ਨ ਕੱਟ ਕੇ ਉਨ੍ਹਾਂ ਦੇ ਘਰੀਂ ਹਨੇਰਾ ਕਰਨ ਦੇ ਕੋਝੇ ਯਤਨ ਕੀਤੇ ਜਾ ਰਹੇ ਹਨ। ਅਫ਼ਸਰਸ਼ਾਹੀ ਨੂੰ ਦਫ਼ਤਰਾਂ ‘ਚ ਬੈਠ ਕੇ ਲੋਕਾਂ ਦੇ ਕੰਮ ਕਰਨ ਦੀਆਂ ਹਦਾਇਤਾਂ ਦੇਣ ਦੀ ਥਾਂ ਫ਼ੋਕੀ ਡਰਾਮੇਬਾਜ਼ੀ ਖ਼ਾਤਰ ਪਿੰਡਾਂ ‘ਚ ਸ਼ੋਅ ਮਾਰਚ ਕੱਢੇ ਜਾ ਰਹੇ ਹਨ। ਨੀਲੇ ਕਾਰਡ ‘ਚੋਂ ਕੱਟੇ ਨਾਮ ਜੁੜਾਉਣ ਲਈ ਗਏ ਲੋਕਾਂ ਨੂੰ ਅਜੇ ਸਾਈਟ ਬੰਦ ਦਾ ਜਵਾਬ ਮਿਲਿਆ।
ਪਿੰਡਾਂ ‘ਚ ਸਰਕਾਰ ਤੁਹਾਡੇ ਦੁਆਰ ਤਹਿਤ ਲਗਾਏ ਕੈਂਪ ਸੱਤਾਧਾਰੀ ਧਿਰ ਦੀ ਮਸ਼ਹੂਰੀ ਤੋਂ ਚਿੱਟੇ ਹਾਥੀ ਸਾਬਤ ਹੋਏ ਹਨ। ਇਸ ਸਮੇਂ ਪ੍ਰਰਾਈਵੇਟ ਕੰਪਨੀ ਦੇ ਚਿੱਪ ਵਾਲੇ ਮੀਟਰਾਂ ਦੇ ਵਿਰੋਧ ਦਾ ਸੱਦਾ ਵੀ ਦਿੱਤਾ ਗਿਆ। ਇਸ ਮੌਕੇ ਅੌਰਤਾਂ ਨੇ ਗਾਰੰਟੀ ਵਾਲੇ ਹਜ਼ਾਰ ਰੁਪਏ, ਬਿਜਲੀ ਪਾਣੀ ਦੀ ਸਹੂਲਤ ਦੇਣ, ਲੋੜਵੰਦਾਂ ਨੂੰ ਰਿਹਾਇਸ਼ੀ ਪਲਾਟ ਅਲਾਟ ਕਰਨ, ਮਕਾਨ ਉਸਾਰੀ ਲਈ ਗ੍ਾਂਟ, ਕਰਜ਼ਾ ਮੁਆਫ਼ੀ, ਦਿਹਾੜੀ ਪ੍ਰਤੀ ਦਿਨ 1000 ਰੁਪਏ ਕਰਨ ਵਰਗੀਆਂ ਮੰਗਾਂ ਨੂੰ ਹੱਲ ਕਰਨ ਦੀ ਗੱਲ ਵੀ ਕੀਤੀ, ਸਵਾਏ ਭਰੋਸੇ ਤੋਂ ਤੇ ਮਜ਼ਦੂਰ ਮੰਗਾਂ ਦੇ ਠੋਸ ਨਿਬੇੜੇ ਲਈ ਮੁੱਖ ਮੰਤਰੀ ਨਾਲ ਜਲਦੀ ਯੂਨੀਅਨ ਦੀ ਮੀਟਿੰਗ ਕਰਵਾਉਣ ਦਾ ਮੁੜ ਭਰੋਸਾ ਦਿੱਤਾ ਗਿਆ। ਯੂਨੀਅਨ ਆਗੂ ਨੇ ਕਿਹਾ ਕਿ ਗਾਰੰਟੀਆਂ ਵਾਲੀ ਸਰਕਾਰ ਵੀ ਮਜ਼ਦੂਰਾਂ ਦੀਆਂ ਮੰਗਾਂ ਨੂੰ ਹੱਲ ਕਰਨ ਲਈ ਤਿਆਰ ਨਹੀਂ, ਦਿਖਾਵੇ ਖਾਤਰ ਇਸ਼ਤਿਹਾਰਬਾਜ਼ੀ ਜ਼ਿਆਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਪੇਂਡੂ ਮਜ਼ਦੂਰਾਂ ਨੂੰ ਆਪਣੇ ਹੱਕ ਲੈਣ ਲਈ ਸੰਘਰਸ਼ਾਂ ਉੱਪਰ ਟੇਕ ਰੱਖਣੀ ਹੋਵੇਗੀ।