ਨਵੀਂ ਦਿੱਲੀ, 07 ਅਪ੍ਰੈਲ 2023- ਫਿਲਮ ਇੰਡਸਟਰੀ ਦੇ ਮਸ਼ਹੂਰ ਅਭਿਨੇਤਾ ਸ਼ਾਹਰੁਖ ਖਾਨ ਨੇ ਦੁਨੀਆ ਭਰ ‘ਚ ਆਪਣਾ ਨਾਂ ਰੌਸ਼ਨ ਕੀਤਾ ਹੈ। ਬਾਲੀਵੁੱਡ ‘ਚ ਬਾਦਸ਼ਾਹ ਦੇ ਨਾਂ ਨਾਲ ਮਸ਼ਹੂਰ ਇਹ ਅਦਾਕਾਰ ਇਕ ਅੰਤਰਰਾਸ਼ਟਰੀ ਆਈਕਨ ਵੀ ਹੈ। ਨਾ ਸਿਰਫ਼ ਫਿਲਮ ਜਗਤ ਵਿਚ ਸਰਗਰਮ ਹੈ ਬਲਕਿ ਕੋਲਕਾਤਾ ਨਾਈਟ ਰਾਈਡਰਜ਼ ਦਾ ਸਹਿ-ਮਾਲਕ ਵੀ ਹੈ।
‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’ ਅਤੇ ‘ਕੁਛ ਕੁਛ ਹੋਤਾ ਹੈ’ ਵਰਗੀਆਂ ਫਿਲਮਾਂ ‘ਚ ਰੋਮਾਂਟਿਕ ਹੀਰੋ ਵਜੋਂ ਕੰਮ ਕਰ ਕੇ ਸ਼ਾਹਰੁਖ ਨੇ ਲੱਖਾਂ ਦਿਲਾਂ ‘ਚ ਪਸੰਦੀਦਾ ਰੋਮਾਂਟਿਕ ਹੀਰੋ ਵਜੋਂ ਆਪਣੀ ਜਗ੍ਹਾ ਬਣਾਈ। ਉਨ੍ਹਾਂ ਦਾ ਨਾਂ ਹੀ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਬਿਆਨ ਕਰਨ ਲਈ ਕਾਫ਼ੀ ਮੰਨਿਆ ਜਾਂਦਾ ਹੈ। ਹਾਲ ਹੀ ‘ਚ ਟਾਈਮ ਮੈਗਜ਼ੀਨ ਦਾ ਪੋਲ ਆਰਗੇਨਾਈਜ਼ ਕੀਤਾ ਗਿਆ, ਜਿਸ ‘ਚ ਸ਼ਾਹਰੁਖ ਖਾਨ ਨੇ ਟਾਪ 100 ‘ਚ ਜਗ੍ਹਾ ਬਣਾਈ।
ਕਿੰਗ ਖਾਨ ਨੂੰ ਮਿਲੀਆਂ ਇੰਨੀਆਂ ਵੋਟਾਂ
TimeDate.com ‘ਚ ਪ੍ਰਕਾਸ਼ਿਤ ਇਕ ਰਿਪੋਰਟ ਅਨੁਸਾਰ ਟਾਈਮ ਮੈਗਜ਼ੀਨ ਵੱਲੋਂ ਕਰਵਾਏ ਗਏ ਟਾਈਮ 100 ਪੋਲ ਵਿਚ 12 ਲੱਖ ਤੋਂ ਵੱਧ ਲੋਕਾਂ ਨੇ ਵੋਟ ਕੀਤੀ ਜਿਸ ਵਿੱਚੋਂ ਸ਼ਾਹਰੁਖ ਖਾਨ ਨੇ 4 ਫੀਸਦੀ ਵੋਟਾਂ ਪ੍ਰਾਪਤ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ।
ਦੂਜੇ ਨੰਬਰ ‘ਤੇ ਈਰਾਨੀ ਮਹਿਲਾ ਪ੍ਰਦਰਸ਼ਨਕਾਰੀ ਰਹੀ
ਇਰਾਨ ਦੀਆਂ ਮਹਿਲਾ ਪ੍ਰਦਰਸ਼ਨਕਾਰੀ ਕੁੱਲ 3 ਪ੍ਰਤੀਸ਼ਤ ਵੋਟਾਂ ਹਾਸਲ ਕਰ ਕੇ ਦੂਜੇ ਸਥਾਨ ‘ਤੇ ਰਹੀ। ਇਰਾਨ ਦੀ ‘ਮੌਰੈਲਿਟੀ ਪੁਲਿਸ’ ਵੱਲੋਂ 22 ਸਾਲਾ ਮਹਿਸਾ ਅਮੀਨੀ ਦੇ ਮਾਰੇ ਜਾਣ ਤੋਂ ਬਾਅਦ ਮਹਿਲਾ ਪ੍ਰਦਰਸ਼ਨਕਾਰੀ ਸੜਕਾਂ ‘ਤੇ ਉਤਰ ਆਈਆਂ। ਟਾਈਮ ਮੈਗਜ਼ੀਨ ਵੱਲੋਂ ਉਸਨੂੰ ਸਾਲ ਦੇ 2022 ਦੇ ਹੀਰੋਜ਼ ਵਜੋਂ ਨਾਮਜ਼ਦ ਕੀਤਾ ਗਿਆ ਹੈ।
ਤੀਜੇ ਸਥਾਨ ‘ਤੇ ਸਿਹਤ ਮੁਲਾਜ਼ਮ
ਤੀਸਰੇ ਸਥਾਨ ‘ਤੇ ਸਿਹਤ ਮੁਲਾਜ਼ਮ ਸਨ, ਜੋ ਦੁਨੀਆ ਨੂੰ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਤੋਂ ਬਚਾਉਣ ਲਈ ਸੰਘਰਸ਼ ਕਰ ਰਹੇ ਸਨ। ਇਸ ਤੋਂ ਇਲਾਵਾ ਬ੍ਰਿਟੇਨ ਦੇ ਪ੍ਰਿੰਸ ਹੈਰੀ ਤੇ ਉਨ੍ਹਾਂ ਦੀ ਪਤਨੀ ਮੇਘਨ ਮਾਰਕਲ 1.9 ਫੀਸਦੀ ਵੋਟਾਂ ਹਾਸਲ ਕਰ ਕੇ ਚੌਥੇ ਸਥਾਨ ‘ਤੇ ਰਹੇ। ਮਸ਼ਹੂਰ ਫੁੱਟਬਾਲਰ ਤੇ ਅਰਜਨਟੀਨਾ ਦੀ ਵਿਸ਼ਵ ਕੱਪ ਜੇਤੂ ਟੀਮ ਦੇ ਕਪਤਾਨ ਲਿਓਨਲ ਮੈਸੀ ਨੂੰ ਇਸ ਪੋਲ ‘ਚ ਪੰਜਵਾਂ ਸਥਾਨ ਮਿਲਿਆ ਹੈ। ਉਨ੍ਹਾਂ ਨੂੰ 1.8 ਫੀਸਦੀ ਵੋਟਾਂ ਮਿਲੀਆਂ।
ਇਨ੍ਹਾਂ ਦਾ ਵੀ ਨਾਂ ਹੋਇਆ ਲਿਸਟ ‘ਚ ਸ਼ਾਮਲ
ਇਸ ਲਿਫਟ ਵਿਚ ਟੈਨਿਸ ਸਟਾਰ ਸੇਰੇਨਾ ਵਿਲੀਅਮਜ਼, ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਵੀ ਸ਼ਾਮਲ ਹਨ। ਟਾਈਮ 100 ਦੀ ਪੂਰੀ ਸੂਚੀ 13 ਅਪ੍ਰੈਲ ਨੂੰ ਜਾਰੀ ਕੀਤੀ ਜਾਵੇਗੀ।