ਨਿੰਬੂ ਸਿਹਤ ਦਾ ਖਜ਼ਾਨਾ ਹੈ। ਇਸ ‘ਚ ਮੌਜੂਦ ਗੁਣ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਰੋਜ਼ਾਨਾ ਸਵੇਰੇ ਕੋਸੇ ਪਾਣੀ ‘ਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਭਾਰ ਘਟਾਉਣ ‘ਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਇਹ ਡਰਿੰਕ ਸਰੀਰ ‘ਚ ਪਾਣੀ ਦੀ ਕਮੀ ਨੂੰ ਵੀ ਦੂਰ ਕਰਦਾ ਹੈ। ਨਿੰਬੂ ‘ਚ ਵਿਟਾਮਿਨ ਸੀ, ਵਿਟਾਮਿਨ ਬੀ6, ਵਿਟਾਮਿਨ ਏ, ਵਿਟਾਮਿਨ ਈ ਵਰਗੇ ਕਈ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਿਹਤ ਲਈ ਜ਼ਰੂਰੀ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਨਿੰਬੂ ਪਾਣੀ ਜ਼ਿਆਦਾ ਪੀਣ ਨਾਲ ਨੁਕਸਾਨ ਹੋ ਸਕਦਾ ਹੈ। ਆਓ ਜਾਣਦੇ ਹਾਂ ਨਿੰਬੂ ਪਾਣੀ ਪੀਣ ਦੇ ਨੁਕਸਾਨ…
ਸਰੀਰ ‘ਚ ਹੋ ਸਕਦੀ ਹੈ ਪਾਣੀ ਦੀ ਕਮੀ
ਅਸੀਂ ਸਾਰੇ ਜਾਣਦੇ ਹਾਂ ਕਿ ਨਿੰਬੂ ਪਾਣੀ ਪੀਣ ਨਾਲ ਸਰੀਰ ਹਾਈਡਰੇਟ ਰਹਿੰਦਾ ਹੈ, ਪਰ ਜਦੋਂ ਤੁਸੀਂ ਨਿਯਮਤ ਤੌਰ ‘ਚ ਜ਼ਰੂਰਤ ਤੋਂ ਜ਼ਿਆਦਾ ਨਿੰਬੂ ਪਾਣੀ ਪੀਂਦੇ ਹੋ ਤਾਂ ਇਸ ਦਾ ਸਰੀਰ ‘ਤੇ ਉਲਟ ਪ੍ਰਭਾਵ ਪੈਂਦਾ ਹੈ। ਇਸ ਨੂੰ ਜ਼ਿਆਦਾ ਪੀਣ ਨਾਲ ਵਿਅਕਤੀ ਨੂੰ ਵਾਰ-ਵਾਰ ਪਿਸ਼ਾਬ ਆਉਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਸਰੀਰ ‘ਚ ਡੀਹਾਈਡ੍ਰੇਸ਼ਨ ਹੋ ਸਕਦੀ ਹੈ।
ਪਾਚਨ ਸਬੰਧੀ ਸਮੱਸਿਆ
ਅਜਿਹਾ ਮੰਨਿਆ ਜਾਂਦਾ ਹੈ ਕਿ ਨਿੰਬੂ ਪਾਣੀ ਪੀਣ ਨਾਲ ਭੋਜਨ ਜਲਦੀ ਪਚਦਾ ਹੈ ਪਰ ਇਹ ਡਰਿੰਕ ਕੁਝ ਲੋਕਾਂ ਨੂੰ ਸੂਟ ਨਹੀਂ ਕਰਦੀ। ਦਰਅਸਲ, ਲੋੜ ਤੋਂ ਜ਼ਿਆਦਾ ਨਿੰਬੂ ਪਾਣੀ ਪੀਣ ਨਾਲ ਮਤਲੀ ਤੇ ਸੋਜ ਵਰਗੇ ਲੱਛਣ ਹੋ ਸਕਦੇ ਹਨ।
ਛਾਤੀ ‘ਚ ਜਲਣ
ਜੇਕਰ ਤੁਸੀਂ ਬਹੁਤ ਜ਼ਿਆਦਾ ਨਿੰਬੂ ਪਾਣੀ ਪੀਂਦੇ ਹੋ ਤਾਂ ਇਹ ਛਾਤੀ ‘ਚ ਜਲਣ ਜਾਂ ਹੋਰ ਐਸਿਡ ਰਿਫਲਕਸ ਦਾ ਕਾਰਨ ਬਣ ਸਕਦਾ ਹੈ। ਜੇਕਰ ਤੁਸੀਂ ਪਹਿਲਾਂ ਤੋਂ ਹੀ ਐਸਿਡ ਰਿਫਲਕਸ ਤੋਂ ਪਰੇਸ਼ਾਨ ਹੋ ਤਾਂ ਨਿੰਬੂ ਪਾਣੀ ਪੀਣ ਤੋਂ ਬਚੋ।
ਦੰਦਾਂ ਲਈ ਹਾਨੀਕਾਰਕ
ਜ਼ਿਆਦਾ ਮਾਤਰਾ ‘ਚ ਨਿੰਬੂ ਪਾਣੀ ਪੀਣ ਨਾਲ ਦੰਦਾਂ ਦੀਆਂ ਸਮੱਸਿਆਵਾਂ ਵਧ ਸਕਦੀਆਂ ਹਨ। ਇਹ ਤੇਜ਼ਾਬੀ ਗੁਣਾਂ ਨਾਲ ਭਰਪੂਰ ਹੁੰਦਾ ਹੈ, ਜੋ ਦੰਦਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ।
ਸਕਿੰਨ ‘ਚ ਜਲਣ
ਨਿੰਬੂ ਨੂੰ ਆਪਣੀ ਸਕਿੰਨ ਦੀ ਦੇਖਭਾਲ ਦੇ ਰੁਟੀਨ ‘ਚ ਸ਼ਾਮਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਇਸ ਨੂੰ ਸਿੱਧੇ ਸਕਿੰਨ ‘ਤੇ ਲਗਾਉਣ ਨਾਲ ਜਲਣ ਹੋ ਸਕਦੀ ਹੈ। ਇਸ ਲਈ ਇਸ ਨੂੰ ਸਕਿੰਨ ‘ਤੇ ਲਗਾਉਣ ਤੋਂ ਪਹਿਲਾਂ ਨਿੰਬੂ ਦੇ ਰਸ ‘ਚ ਪਾਣੀ ਮਿਲਾ ਕੇ ਸਕਿੰਨ ‘ਤੇ ਲਗਾਓ। ਇਸ ਤੋਂ ਬਾਅਦ ਧੁੱਪ ‘ਚ ਜਾਣ ਤੋਂ ਬਚੋ।