ਚੰਡੀਗੜ੍ਹ, 30 ਮਾਰਚ 2023- ਕੈਨੇਡਾ ਸਰਕਾਰ ਵੱਲੋਂ ਵਿਦੇਸ਼ੀਆਂ ‘ਤੇ ਕੈਨੇਡਾ ਵਿਚ ਰਿਹਾਈਸ਼ੀ ਪ੍ਰਾਪਰਟੀ ਖ਼ਰੀਦਣ ‘ਤੇ ਪਾਬੰਦੀਆਂ ਲਾਗੂ ਹੋਣ ਦੇ ਕੁਝ ਮਹੀਨਿਆਂ ਦੇ ਅੰਦਰ ਹੀ ਸਰਕਾਰ ਵੱਲੋਂ ਕੁਝ ਪਾਬੰਦੀਆਂ ਵਿਚ ਨਰਮਾਈ ਲਿਆਂਦੀ ਗਈ ਹੈ।
ਕੈਨੇਡਾ ਵਿਚ ਵਰਕ ਪਰਮਿਟ ‘ਤੇ ਮੌਜੂਦ ਲੋਕ ਜਾਂ ਜਿਹੜੇ ਇਥੇ ਕੰਮ ਕਰਨ ਲਈ ਲੀਗਲ ਹਨ, ਉਹ ਹੁਣ ਰਿਹਾਈਸ਼ੀ ਪ੍ਰਾਪਰਟੀ ਖ਼ਰੀਦ ਸਕਦੇ ਹਨ। ਇਹਨਾਂ ਵਿਦੇਸ਼ੀਆਂ ਦੇ ਵਰਕ ਪਰਮਿਟ ਵਿਚ ਘੱਟੋ ਘੱਟ 183 ਦਿਨ ਬਾਕੀ ਹੋਣੇ ਚਾਹੀਦੇ ਹਨ ਅਤੇ ਉਹ ਯੋਗ ਹੋਣ ਲਈ ਸਿਰਫ਼ ਇੱਕ ਪ੍ਰਾਪਰਟੀ ਹੀ ਖ਼ਰੀਦ ਸਕਦੇ ਹਨ।
ਗ਼ੈਰ-ਕੈਨੇਡੀਅਨ ਅਤੇ ਵਿਦੇਸ਼ੀ ਕਾਰੋਬਾਰੀ ਵੀ ਹੁਣ ਰਿਹਾਇਸ਼ੀ ਪ੍ਰਾਪਰਟੀ ਖ਼ਰੀਦ ਸਕਦੇ ਹਨ ਜੇਕਰ ਉਹ ਇਸ ਨੂੰ ਵਿਕਸਤ ਕਰਨ ਦਾ ਇਰਾਦਾ ਰੱਖਦੇ ਹਨ, ਅਤੇ ਉਹ ਰਿਹਾਇਸ਼ੀ ਜਾਂ ਮਿਸ਼ਰਤ ਵਰਤੋਂ ਲਈ ਜ਼ੋਨ ਕੀਤੀ ਗਈ ਖ਼ਾਲੀ ਜ਼ਮੀਨ ਵੀ ਖ਼ਰੀਦ ਸਕਦੇ ਹਨ।
ਪਾਰਲੀਮੈਂਟ ਨੇ ਜੂਨ 2022 ਵਿਚ ਗ਼ੈਰ-ਕੈਨੇਡੀਅਨਜ਼ ‘ਤੇ ਪ੍ਰੌਪਰਟੀ ਖ਼ਰੀਦਣ ‘ਤੇ ਰੋਕ ਲਗਾਉਣ ਲਈ ਇੱਕ ਕਾਨੂੰਨ (Prohibition on the Purchase of Residential Property by Non-Canadians Act) ਪਾਸ ਕੀਤਾ ਸੀ। ਇਹ ਕਾਨੂੰਨ ਇਸ ਸਾਲ ਦੇ ਸ਼ੁਰੂ ਵਿਚ ਲਾਗੂ ਹੋ ਗਿਆ ਹੈ ਅਤੇ ਇਸ ਵਿਚ ਵਿਦੇਸ਼ੀਆਂ ਨੂੰ ਰਿਹਾਇਸ਼ੀ ਪ੍ਰੌਪਰਟੀ ਖ਼ਰੀਦਣ ‘ਤੇ 2 ਸਾਲ ਦੀ ਪਾਬੰਦੀ ਲਗਾਈ ਗਈ ਹੈ। ਇਹ ਪਾਬੰਦੀਆਂ 2021 ਦੀ ਫ਼ੈਡਰਲ ਚੋਣ ਮੁਹਿੰਮ ਦੌਰਾਨ ਲਿਬਰਲਾਂ ਵੱਲੋਂ ਘਰਾਂ ਦੀਆਂ ਵਧਦੀਆਂ ਕੀਮਤਾਂ ਦੇ ਉਪਾਅ ਵੱਜੋਂ ਕੀਤੇ ਵਾਅਦੇ ਦਾ ਹਿੱਸਾ ਸਨ।