18 ਜੂਨ 2023- ਫਿਲਪੀਨ ਵਿਚ 120 ਯਾਤਰੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਵਿਚ ਅੱਗ ਲੱਗ ਗਈ। ਕੋਸਟ ਗਾਰਡ ਨੇ ਦੱਸਿਆ ਕਿ ਯਾਤਰੀਆਂ ਅਤੇ ਚਾਲਕ ਦਲ ਦੇ ਸਾਰੇ ਮੈਂਬਰਾਂ ਨੂੰ ਬਚਾ ਲਿਆ ਗਿਆ ਅਤੇ ਅੱਗ ਬੁਝਾ ਦਿੱਤੀ ਗਈ ਹੈ। ਕੋਸਟ ਗਾਰਡ ਨੇ ਕਿਹਾ ਕਿ ਐੱਮ/ਵੀ ਏਸਪੇਰਾਂਜਾ ਸਟਾਰ ਵਿਚ ਸਵੇਰ ਦੇ ਸਮੇਂ ਉਸ ਸਮੇਂ ਅੱਗ ਲੱਗ ਗਈ ਜਦੋਂ ਉਹ 65 ਯਾਤਰੀਆਂ ਅਤੇ 55 ਚਾਲਕ ਦਲ ਦੇ ਮੈਂਬਰਾਂ ਨਾਲ ਮੱਧ ਫਿਲਪੀਨ ਵਿਚ ਸਿਕਿਜੋਰ ਪ੍ਰਾਂਤ ਤੋਂ ਬੋਹੋਲ ਜਾ ਰਿਹਾ ਸੀ। ਕੋਸਟ ਗਾਰਡ ਦੇ ਬੁਲਾਰੇ ਜੁਆਏ ਗੁਮਤਾਏ ਨੇ ਕਿਹਾ ਕਿ ਅੱਗ ਤੋਂ ਬਚਾਅ ਲਈ ਦੋ ਜਹਾਜ਼ਾਂ ਦੀ ਤਾਇਨਾਤੀ ਕੀਤੀ ਗਈ। ਜਾਰੀ ਤਸਵੀਰਾਂ ਅਤੇ ਵੀਡੀਓ ਵਿਚ ਕਿਸ਼ਤੀ ਦੇ ਇਕ ਪਾਸੇ ਦੋ ਡੈੱਕ ਤੋਂ ਅੱਗ ਦੀਆਂ ਲਪਟਾਂ ਤੇ ਧੂੰਆਂ ਨਿਕਲਦਾ ਨਜ਼ਰ ਆ ਰਿਹਾ ਹੈ। ਜਹਾਜ਼ ’ਤੇ ਸਵਾਰ ਕੋਸਟ ਗਾਰਡ ਅੱਗ ਬੁਝਾਉਣ ਲਈ ਪਾਣੀ ਦੀ ਬੁਛਾੜ ਕਰਦੇ ਨਜ਼ਰ ਆ ਰਹੇ ਹਨ। ਬੁਲਾਰੇ ਨੇ ਕਿਹਾ ਕਿ ਕਿਸ਼ਤੀ ’ਤੇ ਜਿੰਨੇ ਵੀ ਲੋਕ ਸਵਾਰ ਸਨ ਉਹ ਸਾਰੇ ਸੁਰੱਖਿਅਤ ਹਨ। ਫਿਲਪੀਨ ਟਾਪੂ ਸਮੂਹ ਵਿਚ ਲਗਾਤਾਰ ਤੂ`ਫ਼ਾਨ, ਖ਼ਰਾਬ ਰੱਖ-ਰਖਾਅ ਵਾਲੇ ਜਹਾਜ਼ਾਂ, ਭੀੜਭਾੜ ਅਤੇ ਸੁਰੱਖਿਆ ਨਿਯਮਾਂ ਨੂੰ ਠੀਕ ਤਰ੍ਹਾਂ ਲਾਗੂ ਨਾ ਕੀਤੇ ਜਾਣ ਨਾਲ ਸਮੁੰਦਰੀ ਦੁਰਘਟਨਾਵਾਂ ਆਮ ਹਨ। ਮਾਰਚ ਵਿਚ 250 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਵਿਚ ਅੱਗ ਲੱਗ ਗਈ ਸੀ, ਜਿਸ ਵਿਚ 31 ਲੋਕਾਂ ਦੀ ਮੌਤ ਹੋ ਗਈ ਸੀ।
120 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ’ਚ ਲੱਗੀ ਅੱਗ, ਸਾਰੇ ਸੁਰੱਖਿਅਤ
RELATED ARTICLES