ਇਸ ਸਾਲ ਭਾਰਤੀ ਸੈਰ-ਸਪਾਟੇ ਲਈ ਕੌਮਾਂਤਰੀ ਦੀ ਬਜਾਇ ਘਰੇਲੂ ਸਥਾਨਾਂ ’ਤੇ ਜਾਣਾ ਪਸੰਦ ਕਰਨਗੇ। ਗੋਆ ਭਾਰਤੀ ਯਾਤਰੀਆਂ ਲਈ ਸਭ ਤੋਂ ਪਸੰਦੀਦਾ ਜਗ੍ਹਾ ਹੈ। ਦੂਸਰੀ ਪਸੰਦੀਦਾ ਜਗ੍ਹਾ ਮਨਾਲੀ ਹੈ। ਓਯੋ ਟ੍ਰੈਵਲੋਪੀਡੀਆ ਦੇ ਸਰਵੇਖਣ ’ਚ ਇਹ ਗੱਲ ਸਾਹਮਣੇ ਆਈ ਹੈ। ਓਯੋ ਦਾ ਇਹ ਸਾਲਾਨਾ ਉਪਭੋਗਤਾ ਸਰਵੇ ਹੈ। ਇਸ ’ਚ ਓਯੋ ਦੇ ਯੂਜ਼ਰਸ ਵਿਚਾਲੇ ਉਨ੍ਹਾਂ ਦੀ ਯਾਤਰਾ ਦੇ ਪਸੰਦੀਦਾ ਸਥਾਨਾਂ ਦੀ ਜਾਣਕਾਰੀ ਲਈ ਜਾਂਦੀ ਹੈ।
ਸਰਵੇ ’ਚ 61 ਫ਼ੀਸਦੀ ਭਾਰਤੀਆਂ ਨੇ ਕਿਹਾ ਕਿ ਉਹ ਘਰੇਲੂ ਥਾਵਾਂ ’ਤੇ ਛੁੱਟੀਆਂ ਬਿਤਾਉਣਾ ਪਸੰਦ ਕਰਨਗੇ। ਦੂਜੇ ਪਾਸੇ 25 ਫ਼ੀਸਦੀ ਨੇ ਕਿਹਾ ਕਿ ਉਹ ਘਰੇਲੂ ਦੇ ਨਾਲ ਸੈਰ-ਸਪਾਟੇ ਵਾਲੀਆਂ ਕੌਮਾਂਤਰੀ ਥਾਵਾਂ ਦੀ ਯਾਤਰਾ ਕਰਨਾ ਪਸੰਦ ਕਰਨਗੇ। ਹਾਲਾਂਕਿ ਭਾਰਤੀ ਯਾਤਰਾ ਲਈ ਰੋਮਾਂਚਿਕ ਹਨ ਪਰ ਮਹਾਮਾਰੀ ਵਿਚਾਲੇ ਸੁਰੱਖਿਆ ਹੁਣ ਵੀ ਉਨ੍ਹਾਂ ਲਈ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ। 80 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਲਈ ਚਿੰਤਾ ਦਾ ਵਿਸ਼ਾ ਹੈ। ਹਾਲਾਂਕਿ ਇਸ ਦੇ ਨਾਲ ਹੀ ਉਨ੍ਹਾਂ ਦਾ ਮੰਨਣਾ ਹੈ ਕਿ ਟੀਕੇ ਦੀ ਬੂਸਟਰ ਖ਼ੁਰਾਕ ਨਾਲ ਯਾਤਰਾ ਦੀਆਂ ਉਮੀਦਾਂ ਬਿਹਤਰ ਹੋਣਗੀਆਂ। ਜਿੱਥੋਂ ਤਕ ਪਸੰਦੀਦਾ ਸੈਲਾਨੀ ਥਾਵਾਂ ਦੀ ਗੱਲ ਹੈ, ਗੋਆ ਪਹਿਲੇ ਸਥਾਨ ’ਤੇ ਹੈ।
ਇਕ ਤਿਹਾਈ ਲੋਕਾਂ ਨੇ ਕਿਹਾ ਕਿ ਉਹ ਗੋਆ ਜਾਣਾ ਚਾਹੁੰਦੇ ਹਨ। ਉਸ ਤੋਂ ਬਾਅਦ ਕ੍ਰਮਵਾਰ ਮਨਾਲੀ, ਦੁਬਈ, ਸ਼ਿਮਲਾ ਤੇ ਕੇਰਲ ਦਾ ਨੰਬਰ ਆਉਂਦਾ ਹੈ। ਓਯੋ ਨੇ ਕਿਹਾ ਕਿ ਸੈਰ-ਸਪਾਟੇ ਵਾਲੀਆਂ ਕੌਮਾਂਤਰੀ ਥਾਵਾਂ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਮਾਲਦੀਵ, ਪੈਰਿਸ, ਬਾਲੀ ਤੇ ਸਵਿਟਜ਼ਰਲੈਂਡ ਜਾਣਾ ਪਸੰਦ ਕਰਨਗੇ। ਸਰਵੇ ’ਚ ਸ਼ਾਮਲ 37 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਹ ਆਪਣੇ ਜੀਵਨਸਾਥੀ ਨਾਲ ਯਾਤਰਾ ’ਤੇ ਜਾਣਾ ਚਾਹੁਣਗੇ। 19 ਫ਼ੀਸਦੀ ਦਾ ਕਹਿਣਾ ਸੀ ਕਿ ਉਹ ਆਪਣੇ ਦੋਸਤਾਂ ਨਾਲ ਛੁੱਟੀਆਂ ਬਿਤਾਉਣਾ ਪਸੰਦ ਕਰਨਗੇ। ਉਧਰ 12 ਫ਼ੀਸਦੀ ਨੇ ਇਕੱਲੇ ਯਾਤਰਾ ’ਤੇ ਜਾਣ ਦੀ ਇੱਛਾ ਪ੍ਰਗਟਾਈ।