ਨਵੀਂ ਦਿੱਲੀ : ਕਹਿਰ ਦੀ ਗਰਮੀ ਅਤੇ ਹੀਟ ਸਟ੍ਰੋਕ ਤੋਂ ਬਚਣ ਲਈ ਤੁਸੀਂ ਆਪਣੀ ਡਾਈਟ ‘ਚ ਕਈ ਤਰ੍ਹਾਂ ਦੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਸ਼ਾਮਿਲ ਕਰੋ, ਤਾਂ ਜੋ ਤੁਹਾਨੂੰ ਠੰਢਕ ਮਿਲ ਸਕੇ। ਇਸ ਲਈ ਤਰਬੂਜ਼, ਖੀਰਾ, ਹਰੀਆਂ ਸਬਜ਼ੀਆਂ ਨੂੰ ਗਰਮੀਆਂ ਦੀ ਖੁਰਾਕ ਵਿਚ ਸ਼ਾਮਿਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਗਰਮੀ ਤੋਂ ਰਾਹਤ ਪਾਉਣ ਲਈ ਤੁਸੀਂ ਬੇਲ ਖਾ ਸਕਦੇ ਹੋ ਜਾਂ ਇਸ ਦਾ ਸ਼ਰਬਤ ਪੀ ਸਕਦੇ ਹੋ। ਜੀ ਹਾਂ, ਇਸ ਮੌਸਮ ਵਿਚ ਬੇਲ ਖਾਣ ਦੇ ਬਹੁਤ ਫਾਇਦੇ ਹਨ। ਇਹ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਸੀਂ ਇਸ ਮੌਸਮ ‘ਚ ਹੋਣ ਵਾਲੀਆਂ ਕਈ ਸਮੱਸਿਆਵਾਂ ਤੋਂ ਬਚ ਸਕਦੇ ਹੋ।
ਇਹ ਫਲ ਹਿੰਦੂਆਂ ਲਈ ਵੀ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਭਗਵਾਨ ਸ਼ੰਕਰ ਨੂੰ ਬੇਲ ਦਾ ਰਸ ਅਤੇ ਇਸ ਦੀਆਂ ਪੱਤੀਆਂ ਬਹੁਤ ਪਸੰਦ ਹਨ। ਇਸ ਫਲ ਵਿਚ ਫਾਈਬਰ, ਵਿਟਾਮਿਨ ਅਤੇ ਹੋਰ ਸਾਰੇ ਪੋਸ਼ਕ ਤੱਤ ਹੁੰਦੇ ਹਨ, ਜੋ ਮਨੁੱਖੀ ਸਰੀਰ ਲਈ ਵੀ ਜ਼ਰੂਰੀ ਹਨ। ਜਾਣਦੇ ਹਾਂ ਬੇਲ ਖਾਣ ਦੇ ਕੀ ਫਾਇਦੇ ਹਨ ।
ਕਬਜ਼ ਤੋਂ ਛੁਟਕਾਰਾ
ਬੇਲ ‘ਚ ਫਾਈਬਰ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ, ਜੋ ਕਬਜ਼, ਦਸਤ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਇਸ ਲਈ ਤੁਸੀਂ ਗਰਮੀ ਦੇ ਮੌਸਮ ‘ਚ ਨਮਕ ਅਤੇ ਕਾਲੀ ਮਿਰਚ ਨਾਲ ਬੇਲ ਦਾ ਸੇਵਨ ਕਰ ਸਕਦੇ ਹੋ, ਜੋ ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਕੁਦਰਤੀ ਤੌਰ ‘ਤੇ ਮਦਦਗਾਰ ਹੁੰਦਾ ਹੈ।
ਗੁਰਦੇ ਨੂੰ ਰੱਖਦਾ ਹੈ ਸਿਹਤਮੰਦ
ਬੇਲ ‘ਚ ਅਜਿਹੇ ਗੁਣ ਹੁੰਦੇ ਹਨ, ਜੋ ਸਰੀਰ ਨੂੰ ਡੀਟੌਕਸ ਕਰਦੇ ਹਨ। ਇਹ ਥਿਆਮੀਨ ਅਤੇ ਰਿਬੋਫਲੇਵਿਨ ਨਾਲ ਭਰਪੂਰ ਹੁੰਦਾ ਹੈ। ਜੇ ਤੁਸੀਂ ਇਸ ਮੌਸਮ ‘ਚ ਰੋਜ਼ਾਨਾ ਬੇਲ ਦਾ ਸ਼ਰਬਤ ਪੀਂਦੇ ਹੋ, ਤਾਂ ਇਹ ਤੁਹਾਡੀਆਂ ਅੰਤੜੀਆਂ ਨੂੰ ਸਿਹਤਮੰਦ ਰੱਖਦਾ ਹੈ ਅਤੇ ਕਈ ਤਰ੍ਹਾਂ ਦੀਆਂ ਕਿਡਨੀ ਸਮੱਸਿਆਵਾਂ ਨੂੰ ਘੱਟ ਕਰ ਸਕਦਾ ਹੈ।
ਲਿਵਰ ਲਈ ਲਾਭਦਾਇਕ
ਬੇਲ ਵਿਚ ਬੀਟਾ ਕੈਰੋਟੀਨ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਫਲ ‘ਚ ਹੋਰ ਜ਼ਰੂਰੀ ਤੱਤ ਥਿਆਮਿਨ ਅਤੇ ਰਿਬੋਫਲੇਵਿਨ ਮੌਜੂਦ ਹੁੰਦੇ ਹਨ, ਜੋ ਲਿਵਰ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਣ ‘ਚ ਕਾਰਗਰ ਹਨ।
ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ
ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਉਨ੍ਹਾਂ ਲਈ ਇਸ ਫਲ ਦੀਆਂ ਪੱਤੀਆਂ ਬਹੁਤ ਫਾਇਦੇਮੰਦ ਹੁੰਦੀਆਂ ਹਨ। ਜੀ ਹਾਂ, ਜੇ ਤੁਸੀਂ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਹੋ ਤਾਂ ਇਨ੍ਹਾਂ ਬੇਲਪੱਤਰਾਂ ਨੂੰ ਪਾਣੀ ‘ਚ ਉਬਾਲੋ, ਇਸ ਨੂੰ ਛਾਣ ਲਓ, ਜਦੋਂ ਇਹ ਕੋਸਾ ਹੋ ਜਾਵੇ ਤਾਂ ਇਸ ਦਾ ਸੇਵਨ ਕਰੋ। ਇਹ ਡਰਿੰਕ ਹਾਈ ਬਲੱਡ ਪ੍ਰੈਸ਼ਰ ਨੂੰ ਨਾਰਮਲ ਰੱਖਣ ‘ਚ ਮਦਦਗਾਰ ਸਾਬਿਤ ਹੋ ਸਕਦਾ ਹੈ।
ਇਮਿਊਨ ਸਿਸਟਮ ਨੂੰ ਰੱਖੋ ਮਜ਼ਬੂਤ
ਬੇਲ ਵਿਚ ਵਿਟਾਮਿਨ-ਸੀ, ਪ੍ਰੋਟੀਨ, ਬੀਟਾ-ਕੈਰੋਟੀਨ, ਥਿਆਮਿਨ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦੇ ਹਨ। ਜਿਸ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ, ਨਾਲ ਹੀ ਇਸ ਦਾ ਸੇਵਨ ਕਰਨ ਨਾਲ ਤੁਸੀਂ ਊਰਜਾਵਾਨ ਮਹਿਸੂਸ ਕਰੋਗੇ। ਬੇਲ ਵਿਚ ਮੌਜੂਦ ਪ੍ਰੋਟੀਨ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ।