ਏਰਨਾਕੁਲਮ, 29 ਅਕਤੂਬਰ 2023 – ਕੇਰਲ ਦੇ ਏਰਨਾਕੁਲਮ ‘ਚ ਇਕ ਕਨਵੈਨਸ਼ਨ ਸੈਂਟਰ ‘ਚ ਜ਼ਬਰਦਸਤ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕਲਾਮਾਸੇਰੀ ਪੁਲਿਸ ਨੇ ਦੱਸਿਆ ਕਿ ਇੱਥੇ ਹੋਏ ਧਮਾਕੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਕਈ ਲੋਕ ਜ਼ਖਮੀ ਹੋਏ ਹਨ। ਜਾਣਕਾਰੀ ਅਨੁਸਾਰ ਕਲਾਮਾਸੇਰੀ ਇਲਾਕੇ ‘ਚ ਈਸਾਈਆਂ ਦੀ ਪ੍ਰਾਰਥਨਾ ਸਭਾ ਹੋ ਰਹੀ ਸੀ ਜਦੋਂ ਇਕ ਤੋਂ ਬਾਅਦ ਇਕ ਕਈ ਧਮਾਕੇ ਹੋਏ। ਧਮਾਕਿਆਂ ਵੇਲੇ ਮੌਕੇ ‘ਤੇ 2000 ਲੋਕ ਮੌਜੂਦ ਸਨ ਜਿਨ੍ਹਾਂ ‘ਚੋਂ ਇਕ ਦੀ ਮੌਤ ਹੋਣ ਦੀ ਖ਼ਬਰ ਹੈ।
ਕੇਰਲ ਬਲਾਸਟ ਲਾਈਵ ਅਪਡੇਟਸ:
ਸੀਐੱਮ ਵਿਜਯਨ ਨੇ ਕੋਚੀ ਧਮਾਕੇ ਨੂੰ ਲੈ ਕੇ ਸਰਬ ਪਾਰਟੀ ਮੀਟਿੰਗ ਬੁਲਾਈ ਹੈ। ਬੈਠਕ ‘ਚ ਧਮਾਕਿਆਂ ‘ਤੇ ਅਹਿਮ ਚਰਚਾ ਹੋਵੇਗੀ।
ਕੇਰਲ ‘ਚ ਧਮਾਕੇ ਤੋਂ ਬਾਅਦ ਦਿੱਲੀ ਤੇ ਮੁੰਬਈ ਵੀ ਹਾਈ ਅਲਰਟ ‘ਤੇ ਹਨ। ਦੋਵਾਂ ਥਾਵਾਂ ‘ਤੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।
ਕੇਰਲ ਦੇ ਡੀਜੀਪੀ ਡਾਕਟਰ ਸ਼ੇਖ ਦਰਵੇਸ਼ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਧਮਾਕੇ ਇੱਕ IED ਡਿਵਾਇਸ ਦੁਆਰਾ ਕੀਤੇ ਗਏ ਸਨ।
ਡੀਜੀਪੀ ਨੇ ਦੱਸਿਆ ਕਿ ਅੱਜ ਸਵੇਰੇ 9:40 ਵਜੇ ਜਮਰਾ ਇੰਟਰਨੈਸ਼ਨਲ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ ਵਿੱਚ ਧਮਾਕਾ ਹੋਇਆ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ 36 ਲੋਕਾਂ ਦਾ ਇਲਾਜ ਚਲ ਰਿਹਾ ਹੈ।
ਕੇਰਲ ਵਿੱਚ ਹੋਏ ਧਮਾਕਿਆਂ ਤੋਂ ਬਾਅਦ ਨੈਸ਼ਨਲ ਸਕਿਉਰਿਟੀ ਗਾਰਡ (ਐੱਨਐੱਸਜੀ) ਨੇ ਧਮਾਕਿਆਂ ਵਿੱਚ ਵਰਤੀ ਗਈ ਸਮੱਗਰੀ ਨੂੰ ਇਕੱਠਾ ਕਰਨ ਤੇ ਜਾਂਚ ਕਰਨ ਲਈ ਦਿੱਲੀ ਤੋਂ ਆਪਣੀ ਇੱਕ ਬੰਬ ਨਿਰੋਧਕ ਟੀਮ ਨੂੰ ਕੇਰਲ ਭੇਜਿਆ ਹੈ।
ਵਿਦੇਸ਼ ਤੇ ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਵੀ. ਮੁਰਲੀਧਰਨ ਨੇ ਕਿਹਾ ਕਿ ਕੇਂਦਰੀ ਏਜੰਸੀਆਂ ਨੇ ਘਟਨਾ ਦੇ ਸਬੰਧ ਵਿੱਚ ਪਹਿਲਾਂ ਹੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਉਹ ਘਟਨਾ ਦੀ ਤਹਿ ਤੱਕ ਪਹੁੰਚ ਕੇ ਦੋਸ਼ੀਆਂ ਦਾ ਪਤਾ ਲਗਾ ਲੈਣਗੇ।
ਕਈ ਧਮਾਕਿਆਂ ਨਾਲ ਦਹਿਲਿਆ ਕਲਾਮਾਸੇਰੀ
ਕਲਾਮਾਸੇਰੀ ਸੀਆਈ ਵਿਬਿਨ ਦਾਸ ਨੇ ਦੱਸਿਆ ਕਿ ਪਹਿਲਾ ਧਮਾਕਾ ਸਵੇਰੇ 9 ਵਜੇ ਦੇ ਕਰੀਬ ਹੋਇਆ ਤੇ ਅਗਲੇ ਇਕ ਘੰਟੇ ‘ਚ ਕਈ ਧਮਾਕੇ ਹੋਏ। 27 ਅਕਤੂਬਰ ਤੋਂ ਸ਼ੁਰੂ ਹੋਈ ਤਿੰਨ ਰੋਜ਼ਾ ਮੀਟਿੰਗ ਦਾ ਐਤਵਾਰ ਨੂੰ ਆਖ਼ਰੀ ਦਿਨ ਸੀ। ਅਧਿਕਾਰੀਆਂ ਅਨੁਸਾਰ ਧਮਾਕੇ ਦੇ ਸਮੇਂ 2,000 ਤੋਂ ਵੱਧ ਲੋਕ ਪ੍ਰਾਰਥਨਾ ਸਭਾ ‘ਚ ਸ਼ਾਮਲ ਸਨ।
ਅਮਿਤ ਸ਼ਾਹ ਨੇ CM ਵਿਜਯਨ ਨਾਲ ਕੀਤੀ ਗੱਲ, NIA ਕਰੇਗੀ ਜਾਂਚ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨਾਲ ਗੱਲ ਕੀਤੀ ਤੇ ਕਨਵੈਨਸ਼ਨ ਸੈਂਟਰ ਬੰਬ ਧਮਾਕਿਆਂ ਤੋਂ ਬਾਅਦ ਸੂਬੇ ਦੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਐੱਨਆਈਏ ਤੇ ਐੱਨਐੱਸਜੀ ਨੂੰ ਮੌਕੇ ’ਤੇ ਪੁੱਜ ਕੇ ਘਟਨਾ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।
ਦੂਜੇ ਪਾਸੇ ਕੇਰਲ ਐੱਲਓਪੀ ਤੇ ਸੂਬਾ ਕਾਂਗਰਸ ਪ੍ਰਧਾਨ ਵੀਡੀ ਸਤੀਸਨ ਨੇ ਕਿਹਾ, “ਪਤਾ ਲੱਗਾ ਹੈ ਕਿ ਦੋ ਧਮਾਕੇ ਹੋਏ ਤੇ ਅੱਗ ਲੱਗੀ। ਪਹਿਲਾ ਵੱਡਾ ਧਮਾਕਾ ਹੋਇਆ ਸੀ। ਦੂਜਾ ਛੋਟਾ ਸੀ। ਇਕ ਔਰਤ ਦੀ ਮੌਤ ਹੋ ਗਈ ਤੇ 25 ਲੋਕ ਹਸਪਤਾਲ ‘ਚ ਹਨ। 25 ਵਿੱਚੋਂ ਛੇ ਲੋਕ ਆਈਸੀਯੂ ‘ਚ ਹਨ।”
CM ਵਿਜਯਨ ਨੇ ਕੀ ਕਿਹਾ
ਸੀਐੱਮ ਵਿਜਯਨ ਨੇ ਕਿਹਾ ਕਿ ਇਹ ਮੰਦਭਾਗੀ ਘਟਨਾ ਹੈ। ਉਨ੍ਹਾਂ ਕਿਹਾ ਕਿ ਅਸੀਂ ਘਟਨਾ ਸਬੰਧੀ ਜਾਣਕਾਰੀ ਇਕੱਠੀ ਕਰ ਰਹੇ ਹਾਂ। ਸਾਰੇ ਉੱਚ ਅਧਿਕਾਰੀ ਏਰਨਾਕੁਲਮ ਵਿੱਚ ਹਨ। ਡੀਜੀਪੀ ਘਟਨਾ ਸਥਾਨ ’ਤੇ ਜਾ ਰਹੇ ਹਨ। ਅਸੀਂ ਇਸ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ।
ਰੈਲੀ ‘ਚ ਹਮਾਸ ਨੇਤਾ ਦੇ ਸੰਬੋਧਨ ਤੋਂ ਇਕ ਦਿਨ ਬਾਅਦ ਹੋਏ ਧਮਾਕੇ
ਇਹ ਘਟਨਾ ਅੱਤਵਾਦੀ ਸਮੂਹ ਹਮਾਸ ਦੇ ਸਾਬਕਾ ਮੁਖੀ ਖਾਲਿਦ ਮਸ਼ਾਲ ਦੇ ਕੇਰਲ ਦੀ ਇਕ ਰੈਲੀ ਨੂੰ ਆਨਲਾਈਨ ਸੰਬੋਧਨ ਕਰਨ ਤੋਂ ਬਾਅਦ ਹੋਈ ਹੈ। ਖਾਲਿਦ ਨੇ ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਭੜਕਾਉਣ ਦੇ ਦਾਅਵੇ ਵੀ ਕੀਤੇ ਸਨ।
ਭਾਰਤ ‘ਚ ਇਜ਼ਰਾਈਲ ਦੇ ਰਾਜਦੂਤ ਨਾਓਰ ਗਿਲੋਨ ਨੇ ਵੀ ਫਿਲਸਤੀਨ ‘ਚ ਹੋਏ ਵਿਰੋਧ ਪ੍ਰਦਰਸ਼ਨ ‘ਚ ਹਮਾਸ ਨੇਤਾ ਦੇ ਸ਼ਾਮਲ ਹੋਣ ‘ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਭਾਰਤ ਦੀ ਅੱਤਵਾਦੀ ਸੂਚੀ ਵਿੱਚ ਹਮਾਸ ਦਾ ਨਾਂ ਜੋੜਿਆ ਜਾਵੇ।