24 ਮਈ 2023 – ਬਾਲੀਵੁੱਡ ਨੂੰ ਇਕ ਹੋਰ ਝਟਕਾ ਲੱਗਾ ਹੈ। ਅਦਾਕਾਰ ਨਿਤੇਸ਼ ਪਾਂਡੇ ਦਾ ਦੇਹਾਂਤ ਹੋ ਗਿਆ ਹੈ। ਉਹ 51 ਸਾਲ ਦੇ ਸਨ ਤੇ ਜਾਣਕਾਰੀ ਅਨੁਸਾਰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਨਿਤੇਸ਼ ਦਾ ਜਨਮ 17 ਜਨਵਰੀ 1973 ਨੂੰ ਮੁੰਬਈ ਵਿਚ ਹੋਇਆ ਸੀ। ਉਹ ਇਕ ਅਦਾਕਾਰ ਦੇ ਨਾਲ-ਨਾਲ ਇਕ ਡਾਇਰੈਕਟਰ ਵਜੋਂ ਵੀ ਪਛਾਣਿਆ ਜਾਂਦਾ ਹੈ। ਇਕ ਅਦਾਕਾਰ ਦੇ ਰੂਪ ਵਿੱਚ ਉਨ੍ਹਾਂ ਕਈ ਹਿੰਦੀ ਫਿਲਮਾਂ ਤੇ ਟੀਵੀ ਸ਼ੋਅ ਵਿੱਚ ਕੰਮ ਕੀਤਾ।
ਮੀਡੀਆ ਰਿਪੋਰਟਾਂ ਮੁਤਾਬਕ ਅਦਾਕਾਰ ਨੂੰ 1.30 ਵਜੇ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਅਦਾਕਾਰ ਦੀ ਉਮਰ 51 ਸਾਲ ਸੀ। ਉਸ ਦੇ ਤੁਰ ਜਾਣ ਕਾਰਨ ਹਰ ਕੋਈ ਸੋਗ ਵਿੱਚ ਡੁੱਬਿਆ ਹੋਇਆ ਹੈ। ਇਸ ਖ਼ਬਰ ਦੀ ਪੁਸ਼ਟੀ ਲੇਖਕ ਸਿਧਾਰਥ ਨਾਗਰ ਨੇ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਇਸ ਤੋਂ ਇਲਾਵਾ ਸਿਧਾਰਥ ਨਾਗਰ ਨੇ ਇਕ ਇੰਟਰਵਿਊ ‘ਚ ਦੱਸਿਆ ਹੈ ਕਿ ਨਿਤੇਸ਼ ਸ਼ੂਟਿੰਗ ਲਈ ਇਗਤਪੁਰ ਗਏ ਸਨ। ਉੱਥੇ ਰਾਤ ਕਰੀਬ ਡੇਢ ਵਜੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ।
ਫਿਲਮ ‘ਓਮ ਸ਼ਾਂਤੀ ਓਮ’ ‘ਚ ਉਨ੍ਹਾਂ ਨੇ ਸ਼ਾਹਰੁਖ ਖਾਨ ਦੇ ਅਸਿਸਟੈਂਟ ਦੀ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਉਹ ਬਧਾਈ ਦੋ, ਰੰਗੂਨ, ਹੰਟਰ, ਦਬੰਗ 2, ਬਾਜ਼ੀ, ਮੇਰੇ ਯਾਰ ਕੀ ਸ਼ਾਦੀ ਹੈ, ਮਦਾਰੀ ਵਰਗੀਆਂ ਫਿਲਮਾਂ ‘ਚ ਵੀ ਨਜ਼ਰ ਆਏ ਹਨ। ਨਿਤੇਸ਼ ਮਸ਼ਹੂਰ ਨਾਟਕ ਅਨੁਪਮਾ ਵਿਚ ਵੀ ਨਜ਼ਰ ਆ ਚੁੱਕੇ ਹਨ।
ਨਿਤੇਸ਼ ਪਾਂਡੇ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਥੀਏਟਰ ਤੋਂ ਕੀਤੀ ਸੀ। ਪੰਜ ਸਾਲ ਬਾਅਦ ਯਾਨੀ 1995 ਵਿੱਚ ਉਸਨੂੰ ਆਪਣਾ ਵੱਡਾ ਬ੍ਰੇਕ ਉਦੋਂ ਮਿਲਿਆ ਜਦੋਂ ਸ਼ੋਅ ਤੇਜਸ ਵਿੱਚ ਇਕ ਜਾਸੂਸ ਦੀ ਭੂਮਿਕਾ ਨਿਭਾਈ।
ਫਿਲਮਾਂ ਤੋਂ ਇਲਾਵਾ ਉਨ੍ਹਾਂ ਨੇ ਟੀਵੀ ਸ਼ੋਅਜ਼ ਵਿਚ ਵੀ ਕੰਮ ਕੀਤਾ। ਇਹ ਹਨ ਮੰਜ਼ਿਲੇਂ ਅਪਨੀ ਅਪਨੀ, ਅਸਤਿਤਵ… ਏਕ ਪ੍ਰੇਮ ਕਹਾਣੀ, ਸਾਇਆ, ਜਸਟੇਜੂ ਤੇ ਦੁਰਗੇਸ਼ ਨੰਦਿਨੀ।
ਓਮ ਸ਼ਾਂਤੀ ਓਮ ਤੇ ਖੋਸਲਾ ਕਾ ਘੋਸਲਾ ਵਰਗੀਆਂ ਫਿਲਮਾਂ ਤੋਂ ਪਛਾਣ ਮਿਲੀ। ਇਸ ਸਮੇਂ ਉਹ ‘ਡ੍ਰੀਮ ਕੈਸਲ ਪ੍ਰੋਡਕਸ਼ਨ’ ਚਲਾ ਰਹੇ ਸਨ। ਇੱਥੇ ਰੇਡੀਓ ਸ਼ੋਅ ਬਣਾਏ ਜਾਂਦੇ ਹਨ।
ਨਿਤੇਸ਼ ਦਾ ਦੇਹਾਂਤ ਮਨੋਰੰਜਨ ਜਗਤ ਲਈ ਵੱਡਾ ਝਟਕਾ ਹੈ। ਪ੍ਰਸ਼ੰਸਕ ਉਨ੍ਹਾਂ ਨੂੰ ਨਮ ਅੱਖਾਂ ਨਾਲ ਯਾਦ ਕਰ ਰਹੇ ਹਨ।