ਨਵੀਂ ਦਿੱਲੀ, 05 ਅਪ੍ਰੈਲ 2023- ਉਹ ਦਿਨ ਦੂਰ ਨਹੀਂ ਜਦੋਂ ਮੌਸਮ ਦੀ ਹੀ ਤਰ੍ਹਾਂ ਭੂਚਾਲ ਨੂੰ ਲੈ ਕੇ ਵੀ ਦੇਸ਼ ’ਚ ਅਰਲੀ ਵਾਰਨਿੰਗ ਸਿਸਟਮ ਲਾਗੂ ਹੋਵੇਗਾ। ਹਾਲਾਂਕਿ ਇਹ ਸਿਸਟਮ ਪੂਰਵ ਅਨੁਮਾਨ ਤਾਂ ਨਹੀਂ ਦੱਸ ਸਕੇਗਾ ਪਰ ਭੂਚਾਲ ਤੋਂ ਹੋਣ ਵਾਲੇ ਜਾਨ-ਮਾਲ ਦੇ ਨੁਕਸਾਨ ਨੂੰ ਘੱਟ ਕਰਨ ਲਈ ਅਗਾਊਂ ਚਿਤਾਵਨੀ ਜ਼ਰੂਰ ਦੇ ਦੇਵੇਗਾ। ਜਾਪਾਨ ਤੇ ਤਾਈਵਾਨ ਦੀਆਂ ਆਧੁਨਿਕ ਤਕਨੀਕਾਂ ਨਾਲ ਪਹਿਲੀ ਵਾਰ ਕੌਮੀ ਭੂਚਾਲ ਵਿਗਿਆਨ ਕੇਂਦਰ (ਐੱਨਸੀਐੱਸ) ਇਸ ਪ੍ਰਾਜੈਕਟ ’ਤੇ ਕੰਮ ਕਰ ਰਿਹਾ ਹੈ। ਇਸ ਲਈ ਦੇਸ਼ ਭਰ ’ਚ ਸਬੰਧਤ ਉਪਕਰਨਾਂ ਦੀ ਗਿਣਤੀ ਵੀ ਵਧਾਈ ਜਾ ਰਹੀ ਹੈ। ਐੱਨਸੀਐੱਸ ਵਿਗਿਆਨੀਆਂ ਅਨੁਸਾਰ ਇਸ ਦਿਸ਼ਾ ’ਚ ਲਗਾਤਾਰ ਕੰਮ ਚੱਲ ਰਿਹਾ ਹੈ। ਹਾਲ ਹੀ ’ਚ ਵਿਸ਼ਵ ਬੈਂਕ ਦੇ ਸਹਿਯੋਗ ਨਾਲ ਐੱਨਸੀਐੱਸ ਦੀ ਇਕ ਟੀਮ ਜਾਪਾਨ ਤੋਂ ਪਰਤੀ ਹੈ। ਸਿਸਟਮ ਬਣਾਉਣ ਲਈ ਤਾਈਵਾਨ ਦੀਆਂ ਅਤਿਆਧੁਨਿਕ ਤਕਨੀਕਾਂ ਦਾ ਵੀ ਸਹਾਰਾ ਲਿਆ ਜਾ ਰਿਹਾ ਹੈ। ਐੱਨਸੀਐੱਸ ਦੀ ਕੋਸ਼ਿਸ਼ ਇਕ ਅਜਿਹਾ ਸਿਸਟਮ ਤਿਆਰ ਕਰਨ ਦੀ ਹੈ, ਜਿਸ ਨਾਲ ਜ਼ਮੀਨ ਅੰਦਰ ਫਾਲਟ ਲਾਈਨ ’ਤੇ ਭੂਚਾਲ ਦੀ ਪਹਿਲੀ ਹਲਚਲ (ਪੀ-ਵੇਵ) ਹੁੰਦਿਆਂ ਹੀ ਕੇਂਦਰੀ ਕੰਟਰੋਲ ਰੂਮ ’ਚ ਸੰਕੇਤ ਆ ਜਾਣ। ਇਸ ਤੋਂ ਬਾਅਦ ਭੂਚਾਲ ਦੇ ਝਟਕੇ (ਐੱਸ-ਵੇਵ ਜਾਂ ਸਰਵੇਸ ਵੇਵ) ਲੱਗਣ ਤੋਂ ਪਹਿਲਾਂ ਕੁਝ ਹੀ ਸਕਿੰਟਾਂ ’ਚ ਇਸ ਦਾ ਅਲਰਟ ਜਾਰੀ ਕਰ ਦਿੱਤਾ ਜਾਵੇ।
ਵਿਗਿਆਨੀਆਂ ਅਨੁਸਾਰ ਭੂਚਾਲ ਆਉਣ ਦੌਰਾਨ ਸਭ ਤੋਂ ਪਹਿਲਾਂ ਪੀ-ਵੇਵ ਉੱਠਦੀ ਹੈ, ਜੋ ਕਾਫ਼ੀ ਤੇਜ਼ੀ ਨਾਲ ਆਉਂਦੀ ਹੈ। ਇਸ ਤੋਂ ਬਾਅਦ ਧੀਮੀ ਰਫ਼ਤਾਰ ਨਾਲ ਉੱਠਣ ਵਾਲੀ ਐੱਸ-ਵੇਵ ਭਾਰੀ ਨੁਕਸਾਨ ਪਹੁੰਚਾਉਂਦੀ ਹੈ। ਅਰਲੀ ਵਾਰਨਿੰਗ ਸਿਸਟਮ ਪੀ-ਵੇਵ ਦੀ ਪਛਾਣ ਕਰ ਕੇ ਤੁਰੰਤ ਹੀ ਕੰਟਰੋਲ ਰੂਮ ਨੂੰ ਇਸ ਦੀ ਸੂਚਨਾ ਭੇਜ ਦਿੰਦਾ ਹੈ। ਇਸ ਸੂਚਨਾ ’ਚ ਇਹ ਵੀ ਸ਼ਾਮਲ ਰਹਿੰਦਾ ਹੈ ਕਿ ਧਰਤੀ ਕਿੱਥੋਂ ਤੱਕ ਹਿੱਲੇਗੀ ਤੇ ਭੂਚਾਲ ਦਾ ਆਕਾਰ ਕੀ ਹੋਵੇਗਾ?
ਫ਼ਿਲਹਾਲ ਦੇਸ਼ਭਰ ’ਚ ਭੂਚਾਲ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਜ਼ਮੀਨ ਹੇਠਾਂ 152 ਸਿਸਮੋਗ੍ਰਾਫੀ ਤੇ ਐਕੀਸਲਰੋਗ੍ਰਾਫੀ ਉਪਕਰਨ ਲੱਗੇ ਹਨ। ਦਸੰਬਰ 2023 ਤੱਕ ਇਨ੍ਹਾਂ ’ਚ ਹੋਰ 100 ਦਾ ਵਾਧਾ ਹੋ ਜਾਵੇਗਾ। ਇਸੇ ਤਰ੍ਹਾਂ ਦਿੱਲੀ-ਐੱਨਸੀਆਰ ਖੇਤਰ ’ਚ ਅਜਿਹੇ 25 ਉਪਕਰਨ ਲੱਗੇ ਹਨ ਤੇ 15 ਹੋਰ ਲਾਏ ਜਾਣਗੇ। ਦੋਵੇਂ ਹੀ ਥਾਂ ਨਵੇਂ ਉਪਕਰਨਾਂ ’ਚ ਕੁਝ ਡਾਟਾ ਰਿਸੀਵਿੰਗ ਸਟੇਸ਼ਨ ਵੀ ਸਥਾਪਤ ਕੀਤੇ ਜਾਣਗੇ। ਡਾਟਾ ਰਿਸੀਵਿੰਗ ਸਟੇਸ਼ਨ ਦੀ ਮਦਦ ਨਾਲ ਐੱਨਸੀਐੱਸ ਦੇ ਕੰਟਰੋਲ ਰੂਮ ’ਚ ਸੰਭਾਵਿਤ ਭੂਚਾਲ ਦੇ ਸੰਕੇਤ ਪ੍ਰਮਾਣਿਕ ਤੌਰ ’ਤੇ ਛੇਤੀ ਹੀ ਮਿਲ ਜਾਣਗੇ। ਸੰਕੇਤ ਮਿਲਦਿਆਂ ਹੀ ਕੌਮੀ ਆਫ਼ਤ ਪ੍ਰਬੰਧਨ ਅਥਾਰਟੀ (ਐੱਨਡੀਐੱਮਏ) ਦੀ ਸਹਾਇਤਾ ਨਾਲ ਸਾਰੀਆਂ ਸਬੰਧਤ ਸੂਬਾ ਸਰਕਾਰਾਂ, ਜ਼ਿਲ੍ਹਾ ਪ੍ਰਸ਼ਾਸਨ, ਹਸਪਤਾਲਾਂ, ਸਥਾਨਕ ਸਰਕਾਰਾਂ ਸਮੇਤ ਸੂਬਿਆਂ ਦੀ ਆਫ਼ਤ ਪ੍ਰਬੰਧਨ ਅਥਾਰਟੀ ਨੂੰ ਸੂਚਨਾ ਜਾਰੀ ਕਰ ਦਿੱਤੀ ਜਾਵੇਗੀ।