ਜੈਪੁਰ, 05 ਦਸੰਬਰ 2023 – ਰਾਜਸਥਾਨ ਦੀ ਰਾਜਧਾਨੀ ਜੈਪੁਰ ‘ਚ ਮੰਗਲਵਾਰ ਸਵੇਰੇ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਸੁਖਦੇਵ ਸਿੰਘ ਗੋਗਾਮੈੜੀ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਕੂਟੀ ‘ਤੇ ਆਏ ਦੋ ਬਦਮਾਸ਼ਾਂ ਨੇ ਸੁਖਦੇਵ ਸਿੰਘ ਗੋਗਾਮੈੜੀ ਨੂੰ ਮਿਲਣ ਦੇ ਬਹਾਨੇ ਉਨ੍ਹਾਂ ਨਾਲ ਗੱਲਬਾਤ ਕੀਤੀ। ਕਰੀਬ ਦਸ ਮਿੰਟ ਤੱਕ ਗੱਲਬਾਤ ਕਰਨ ਤੋਂ ਬਾਅਦ ਦੋਵੇਂ ਬਦਮਾਸ਼ਾਂ ਨੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ।
ਉਨ੍ਹਾਂ ਦੀ ਹੱਤਿਆ ਤੋਂ ਬਾਅਦ ਸ਼ਹਿਰ ‘ਚ ਸਹਿਮ ਦਾ ਮਾਹੌਲ ਹੈ। ਸੁਖਦੇਵ ਸਿੰਘ ਦੇ ਘਰ ਭਾਰੀ ਪੁਲਿਸ ਬਲ ਤਾਇਨਾਤ ਹੈ। ਜਾਣਕਾਰੀ ਅਨੁਸਾਰ, ਉਨ੍ਹਾਂ ਨੂੰ ਚਾਰ ਗੋਲੀਆਂ ਮਾਰੀਆਂ ਗਈਆਂ।
ਸੀਸੀਟੀਵੀ ‘ਚ ਕੈਦ ਹੋਈ ਵਾਰਦਾਤ
ਹੱਤਿਆ ਦੀ ਵਾਰਦਾਤ ਸੀਸੀਟੀਵੀ ਫੁਟੇਜ ‘ਚ ਕੈਦ ਹੋ ਗਈ। ਸਮਚਾਰ ਏਜੰਸੀ ਪੀਟੀਆਈ ਵੱਲੋਂ ਜਾਰੀ ਕੀਤੀ ਗਈ ਫੁਟੇਜ ਅਨੁਸਾਰ, ਦੋ ਹਤਿਆਰੇ, ਸੁਖਦੇਵ ਸਿੰਘ ਗੋਗਾਮੈੜੀ ਅਤੇ ਕੁਝ ਲੋਕ ਆਪਸ ‘ਚ ਗੱਲਬਾਤ ਕਰਦੇ ਵਿਖਾਈ ਦੇ ਰਹੇ ਹਨ। ਅਚਾਨਕ ਦੋ ਹਮਲਵਾਰਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਸੋਫ਼ੇ ‘ਤੇ ਬੈਠੇ ਸੁਖਦੇਵ ਸਿੰਘ ਨੂੰ ਬਚਣ ਦਾ ਕੋਈ ਮੌਕਾ ਨਹੀਂ ਮਿਲਿਆ ਅਤੇ ਕਰੀਬ ਚਾਰ ਗੋਲ਼ੀਆਂ ਉਸ ਦੇ ਸਰੀਰ ‘ਤੇ ਦਾਗੀਆਂ ਗਈਆਂ।
ਵੀਡੀਓ ‘ਚ ਵੇਖਿਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਸੁਰੱਖਿਆ ਗਾਰਡ ਨੂੰ ਵੀ ਗੋਲ਼ੀ ਮਾਰ ਗਈ ਹੈ। ਗੋਲੀ ਮਾਰਨ ਤੋਂ ਬਾਅਦ ਦੋਵੇਂ ਮੁਲਜ਼ਮ ਫਰਾਰ ਹੋ ਗਏ।
ਹੱਤਿਆ ਨੂੰ ਲੈ ਕੇ ਰਾਜਪੂਤ ਭਾਈਚਾਰੇ ‘ਚ ਰੋਸ
ਗੋਲ਼ੀ ਲੱਗਣ ਤੋਂ ਬਾਅਦ ਸੁਖਦੇਵ ਸਿੰਘ ਗੋਗਾਮੈੜੀ ਨੂੰ ਮੈਟਰੋ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਸੁਖਦੇਵ ਸਿੰਘ ਦੀ ਹੱਤਿਆ ‘ਤੇ ਰਾਜਪੂਤ ਭਾਈਚਾਰੇ ਦੇ ਮੈਂਬਰਾਂ ਨੇ ਜੈਪੁਰ ਦੇ ਇਕ ਹਸਪਤਾਲ ਦੇ ਬਾਹਰ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸੇ ਹਸਪਤਾਲ ‘ਚ ਉਸ ਦੀ ਲਾਸ਼ ਰੱਖੀ ਗਈ ਹੈ।
ਸੁਖਦੇਵ ਸਿੰਘ ਦੇ ਸੁਰੱਖਿਆ ਗਾਰਡ ਦੀ ਵੀ ਮੌਤ
ਇਸ ਘਟਨਾ ‘ਤੇ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਜੈਪੁਰ ਪੁਲਿਸ ਕਮਿਸ਼ਨਰ ਬੀਜੂ ਜਾਰਜ ਜੋਸੇਫ਼ ਨੇ ਕਿਹਾ, ‘ਤਿੰਨ ਲੋਕ ਉਨ੍ਹਾਂ ਦੇ ਘਰ ਆਏ ਅਤੇ ਉਨ੍ਹਾਂ ਕਿਹਾ ਕਿ ਉਹ ਸੁਖਦੇਵ ਸਿੰਘ ਨੂੰ ਮਿਲਣਾ ਚਾਹੁੰਦੇ ਸਨ। ਉਹ ਅੰਦਰ ਵੜੇ, ਉਨ੍ਹਾਂ ਨਾਲ ਕਰੀਬ 10 ਮਿੰਟ ਤੱਕ ਗੱਲਬਾਤ ਕੀਤੀ ਅਤੇ ਫਿਰ ਸੁਖਦੇਵ ਸਿੰਘ ‘ਤੇ ਗੋਲੀਆਂ ਚਲਾ ਦਿੱਤੀਆ ਅਤੇ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਉਨ੍ਹਾਂ ਦੇ ਸੁਰੱਖਿਆ ਗਾਰਡ ਦੀ ਵੀ ਮੌਤ ਹੋ ਗਈ।