ਨਵੀਂ ਦਿੱਲੀ, 29 ਅਕਤੂਬਰ 2023 – ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਐਤਵਾਰ ਨੂੰ ਕਿਹਾ ਕਿ 1 ਨਵੰਬਰ ਤੋਂ ਸਿਰਫ ਇਲੈਕਟ੍ਰਿਕ, ਸੀਐਨਜੀ ਅਤੇ ਭਾਰਤ ਸਟੇਜ (BS)-6 ਬੱਸਾਂ ਹੀ ਦਿੱਲੀ ਵਿੱਚ ਦਾਖਲ ਹੋਣਗੀਆਂ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਐਨਸੀਆਰ ਖੇਤਰਾਂ ਵਿੱਚ ਚੱਲਣ ਵਾਲੀਆਂ ਬੀਐਸ-3 ਅਤੇ ਬੀਐਸ-4 ਬੱਸਾਂ ਦੇ ਦਿੱਲੀ ਵਿੱਚ ਦਾਖਲੇ ‘ਤੇ ਪਾਬੰਦੀ ਲਗਾਉਣੀ ਚਾਹੀਦੀ ਹੈ। ਟਰਾਂਸਪੋਰਟ ਵਿਭਾਗ ਵੱਲੋਂ 1 ਨਵੰਬਰ ਤੋਂ ਸਾਰੇ ਐਂਟਰੀ ਪੁਆਇੰਟਾਂ ‘ਤੇ ਚੈਕਿੰਗ ਮੁਹਿੰਮ ਵੀ ਚਲਾਈ ਜਾਵੇਗੀ।
ਗੋਪਾਲ ਰਾਏ ਨੇ ਵਾਹਨਾਂ ਦੇ ਪ੍ਰਦੂਸ਼ਣ ਦੀ ਰੋਕਥਾਮ ਲਈ ਕਸ਼ਮੀਰੀ ਗੇਟ ISBT ਦਾ ਨਿਰੀਖਣ ਕੀਤਾ। ਉਨ੍ਹਾਂ ਇਸ ਸਬੰਧੀ ਐਨਸੀਆਰ ਤੋਂ ਆਉਣ ਵਾਲੀਆਂ ਡੀਜ਼ਲ ਬੱਸਾਂ ਦੇ ਡਰਾਈਵਰਾਂ ਨੂੰ ਵੀ ਜਾਣਕਾਰੀ ਦਿੱਤੀ।
ਦਿੱਲੀ ਵਿੱਚ 800 ਇਲੈਕਟ੍ਰਿਕ ਬੱਸਾਂ ਚੱਲ ਰਹੀਆਂ ਹਨ
ਵਾਤਾਵਰਨ ਮੰਤਰੀ ਨੇ ਕਿਹਾ ਕਿ ਅੱਜ ਕੱਲ੍ਹ ਵਾਹਨਾਂ ਤੋਂ ਪ੍ਰਦੂਸ਼ਣ ਵੱਧਦਾ ਜਾ ਰਿਹਾ ਹੈ। ਦਿੱਲੀ ‘ਚ ਸਾਰੀਆਂ ਬੱਸਾਂ ਸੀਐਨਜੀ ‘ਤੇ ਚੱਲ ਰਹੀਆਂ ਹਨ। 800 ਤੋਂ ਵੱਧ ਇਲੈਕਟ੍ਰਿਕ ਬੱਸਾਂ ਵੀ ਚੱਲ ਰਹੀਆਂ ਹਨ। ਪਰ ਉੱਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਦੇ ਐਨਸੀਆਰ ਜ਼ਿਲ੍ਹਿਆਂ ਤੋਂ ਚੱਲਣ ਵਾਲੀਆਂ ਬੀਐਸ-3 ਅਤੇ ਬੀਐਸ-4 ਡੀਜ਼ਲ ਬੱਸਾਂ ਕਾਰਨ ਦਿੱਲੀ ਵਿੱਚ ਪ੍ਰਦੂਸ਼ਣ ਵਧ ਰਿਹਾ ਹੈ।
ਬੀਐਸ 3 ਅਤੇ 4 ਬੱਸਾਂ ਯੂਪੀ-ਹਰਿਆਣਾ ਤੋਂ ਆਉਂਦੀਆਂ ਹਨ
ਆਈਐਸਬੀਟੀ ਵਿਖੇ ਨਿਰੀਖਣ ਦੌਰਾਨ ਪਤਾ ਲੱਗਾ ਕਿ ਯੂਪੀ ਅਤੇ ਹਰਿਆਣਾ ਤੋਂ ਇੱਥੇ ਆਈਆਂ ਸਾਰੀਆਂ ਬੱਸਾਂ ਬੀਐਸ-3 ਅਤੇ ਬੀਐਸ-4 ਹਨ। ਉਥੋਂ ਅਜੇ ਤੱਕ ਕੋਈ ਇਲੈਕਟ੍ਰਿਕ ਜਾਂ ਸੀਐਨਜੀ ਬੱਸ ਨਹੀਂ ਪਹੁੰਚੀ। ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਕੇਂਦਰ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਐਨਸੀਆਰ ਖੇਤਰਾਂ ਵਿੱਚ ਚੱਲ ਰਹੀਆਂ ਬੀਐਸ3 ਅਤੇ ਬੀਐਸ4 ਬੱਸਾਂ ‘ਤੇ ਪਾਬੰਦੀ ਲਾਗੂ ਕਰੇ।
ਦਿੱਲੀ ‘ਤੇ NCR ਪ੍ਰਦੂਸ਼ਣ ਦਾ ਪ੍ਰਭਾਵ
ਰਾਏ ਨੇ ਅੱਗੇ ਕਿਹਾ ਕਿ ਐਨਸੀਆਰ ਦਾ ਪ੍ਰਦੂਸ਼ਣ ਦਿੱਲੀ ਨੂੰ ਵੀ ਪ੍ਰਭਾਵਿਤ ਕਰਦਾ ਹੈ। ਇਸ ਲਈ ਐਨਸੀਆਰ ਵਿੱਚ ਸਿਰਫ਼ ਇਲੈਕਟ੍ਰਿਕ, ਸੀਐਨਜੀ ਅਤੇ ਬੀਐਸ-6 ਬੱਸਾਂ ਨੂੰ ਹੀ ਚੱਲਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਉਥੇ ਬੀ.ਐੱਸ.-3 ਅਤੇ ਬੀ.ਐੱਸ.-4 ਬੱਸਾਂ ‘ਤੇ ਮੁਕੰਮਲ ਪਾਬੰਦੀ ਲਾਗੂ ਕੀਤੀ ਜਾਵੇ।