ਨਵੀਂ ਦਿੱਲੀ, 12 ਅਪ੍ਰੈਲ 2023 – ਦਿੱਲੀ ਦੇ ਸਾਦਿਕ ਨਗਰ ਸਥਿਤ ਭਾਰਤੀ ਸਕੂਲ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਦਿੱਲੀ ਪੁਲਿਸ ਮੁਤਾਬਕ ਸਕੂਲ ਨੂੰ ਸਾਵਧਾਨੀ ਦੇ ਤੌਰ ‘ਤੇ ਖਾਲੀ ਕਰਵਾ ਲਿਆ ਗਿਆ ਹੈ। ਬੰਬ ਡਿਟੈਕਸ਼ਨ ਅਤੇ ਡਿਸਪੋਜ਼ਲ ਸਕੁਐਡ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉੱਥੇ ਹੀ ਬੰਬ ਨਿਰੋਧਕ ਦਸਤਾ ਵੀ ਸਕੂਲ ਦੇ ਅੰਦਰ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਸਥਾਨਕ ਪੁਲਿਸ ਵੀ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਦੀ ਸਾਈਬਰ ਟੀਮ ਈਮੇਲ ਨਾਲ ਜੁੜੀ ਜਾਣਕਾਰੀ ਇਕੱਠੀ ਕਰਨ ਲਈ ਜਾਂਚ ਵਿੱਚ ਲੱਗੀ ਹੋਈ ਹੈ।
ਈ–ਮੇਲ ਰਾਹੀਂ ਮਿਲੀ ਬੰਬ ਦੀ ਧਮਕੀ
ਸਕੂਲ ਨੂੰ ਅੱਜ ਸਵੇਰੇ 10.49 ਵਜੇ ਬੰਬ ਦੀ ਧਮਕੀ ਵਾਲੀ ਈਮੇਲ ਮਿਲੀ। ਸੂਚਨਾ ਤੋਂ ਬਾਅਦ ਸਕੂਲ ਨੂੰ ਖਾਲੀ ਕਰਵਾ ਲਿਆ ਗਿਆ ਤੇ ਬੰਬ ਨਿਰੋਧਕ ਦਸਤੇ ਵੱਲੋਂ ਸਕੂਲ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸਕੂਲ ਦੇ ਇਕ ਅਧਿਆਪਕ ਨੇ ਦੱਸਿਆ ਕਿ ਇਸ ਹਰਕਤ ਪਿੱਛੇ ਕੁਝ ਸ਼ਰਾਰਤੀ ਬੱਚਿਆਂ ਦਾ ਹੱਥ ਹੋ ਸਕਦਾ ਹੈ।
ਪਹਿਲਾਂ ਹੀ ਹੋਈ ਹੈ ਅਜਿਹੀ ਘਟਨਾ
ਗੌਰਤਲਬ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਸਗੋਂ ਇਸ ਤੋਂ ਪਹਿਲਾਂ ਵੀ ਇਸ ਸਕੂਲ ਵਿਚ ਅਜਿਹੀ ਘਟਨਾ ਵਾਪਰ ਚੁੱਕੀ ਹੈ। 28 ਨਵੰਬਰ 2022 ਨੂੰ ਦਿ ਇੰਡੀਅਨ ਸਕੂਲ ਵਿਚ ਬੰਬ ਹੋਣ ਦੀ ਸੂਚਨਾ ਮਿਲਣ ਕਾਰਨ ਹਫੜਾ-ਦਫੜੀ ਮੱਚ ਗਈ ਸੀ। ਸੂਚਨਾ ਮਿਲਣ ‘ਤੇ ਸਥਾਨਕ ਪੁਲਿਸ, ਬੰਬ ਨਿਰੋਧਕ ਦਸਤਾ ਅਤੇ ਡੌਗ ਸਕੁਐਡ ਮੌਕੇ ‘ਤੇ ਪਹੁੰਚ ਗਿਆ ਅਤੇ ਸਕੂਲ ਨੂੰ ਖਾਲੀ ਕਰਵਾ ਕੇ ਪੂਰੇ ਸਕੂਲ ਦੀ ਜਾਂਚ ਕੀਤੀ ਗਈ। ਇਸ ਦੌਰਾਨ ਸਕੂਲ ਵਿੱਚ ਕੋਈ ਬੰਬ ਨਹੀਂ ਮਿਲਿਆ।