10 ਦਸੰਬਰ 2023 – ਇਲਾਹਾਬਾਦ ਹਾਈ ਕੋਰਟ (Allahabad High Court) ਦੇ ਲਖਨਊ ਬੈਂਚ (Lucknow Bench) ਨੂੰ ਕੇਂਦਰ ਸਰਕਾਰ (Union Govt) ਨੇ ਜਾਣਕਾਰੀ ਦਿੱਤੀ ਹੈ ਕਿ ਗੁਟਖਾ ਕੰਪਨੀਆਂ ਦਾ ਪ੍ਰਚਾਰ ਕਰਨ ਦੇ ਮਾਮਲੇ ਵਿਚ ਫਿਲਮ ਅਦਾਕਾਰ ਅਕਸ਼ੇ ਕੁਮਾਰ, ਸ਼ਾਹਰੁਖ਼ ਖ਼ਾਨ ਤੇ ਅਜੇ ਦੇਵਗਨ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।
ਅਮਿਤਾਭ ਬੱਚਨ ਨਾਲ ਕਰਾਰ ਖ਼ਤਮ ਕੀਤੇ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਇਸ਼ਤਿਹਾਰ ਵਿਚ ਵਿਖਾਏ ਜਾਣ ’ਤੇ ਸਬੰਧਤ ਪਾਨ ਮਸਾਲਾ ਕੰਪਨੀ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ।
ਕੇਂਦਰ ਸਰਕਾਰ ਨੇ ਕਿਹਾ ਹੈ ਕਿ ਇਸ ਮਾਮਲੇ ’ਤੇ ਸੁਪਰੀਮ ਕੋਰਟ ਸੁਣਵਾਈ ਕਰ ਰਿਹਾ ਹੈ, ਇਸ ਲਈ ਪਟੀਸ਼ਨ ਖ਼ਾਰਜ ਕੀਤੀ ਜਾਵੇ। ਜਸਟਿਸ ਰਾਜੇਸ਼ ਸਿੰਘ ਚੌਹਾਨ ਦੇ ਸਿੰਗਲ ਬੈਂਚ ਨੇ ਉਲੰਘਣਾ ਸਬੰਧੀ ਇਕ ਪਟੀਸ਼ਨ ’ਤੇ ਸੁਣਵਾਈ ਕੀਤੀ। ਦਰਅਸਲ, 22 ਸਤੰਬਰ 2022 ਨੂੰ ਹਾਈ ਕੋਰਟ ਨੇ ਹੁਕਮ ਕੀਤਾ ਸੀ ਕਿ ਫਿਲਮ ਕਲਾਕਾਰਾਂ ਵੱਲੋਂ ਗੁਟਖਾ ਕੰਪਨੀਆਂ ਲਈ ਪ੍ਰਚਾਰ ਕਰਨ ਦੇ ਮਾਮਲੇ ਵਿਚ ਜੇ ਕੋਈ ਪਟੀਸ਼ਨਰ ਮਾਮਲਾ ਸਾਹਮਣੇ ਲਿਆਉਂਦਾ ਹੈ ਤਾਂ ਉਸ ’ਤੇ ਵਿਚਾਰ ਕਰ ਕੇ ਤੁਰੰਤ ਨਿਪਟਾਰਾ ਕੀਤਾ ਜਾਵੇ।
ਪਟੀਸ਼ਨਰ ਦੀ ਦਲੀਲ ਸੀ ਕਿ ਇਸ ਆਦੇਸ਼ ਦੀ ਪਾਲਣਾ ਵਿਚ ਉਸ ਨੇ 15 ਅਕਤੂਬਰ 2022 ਨੂੰ ਮਾਮਲੇ ਦੀ ਨੁਮਾਇੰਦਗੀ ਕੀਤੀ ਸੀ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਇਸ ’ਤੇ ਅਦਾਲਤ ਨੇ 24 ਅਗਸਤ 2023 ਨੂੰ ਕੈਬਨਿਟ ਸਕੱਤਰ ਤੇ ਮੁੱਖ ਕਮਿਸ਼ਨਰ (ਖਪਤਕਾਰ ਸਰਪ੍ਰਸਤੀ) ਨੁੰ ਉਲੰਘਣਾ ਬਾਰੇ ਨੋਟਿਸ ਜਾਰੀ ਕੀਤਾ ਸੀ।
ਸ਼ੁੱਕਰਵਾਰ ਨੂੰ ਹੋਈ ਸੁਣਵਾਈ ਦੌਰਾਨ ਕੇਂਦਰ ਸਰਕਾਰ ਵੱਲੋਂ ਡਿਪਟੀ ਸਾਲਿਸਟਰ ਜਨਰਲ ਨੇ 16 ਅਕਤੂਬਰ ਨੂੰ ਨੋਟਿਸ ਦੀ ਕਾਪੀ ਪੇਸ਼ ਕਰਦੇ ਹੋਏ ਦੱਸਿਆ ਕਿ ਕੇਂਦਰ ਨੇ ਫਿਲਮ ਕਲਾਕਾਰ ਅਕਸ਼ੇ ਕੁਮਾਰ, ਸ਼ਾਹਰੁਖ਼ ਖ਼ਾਨ ਤੇ ਅਜੇ ਦੇਵਗਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਜਵਾਬ ਤਲਬ ਕਰ ਲਿਆ ਹੈ।ਹੈ।