ਨਵੀਂ ਦਿੱਲੀ, ਏਜੰਸੀ : ਕਾਂਗਰਸ ਨੇਤਾ ਰਾਹੁਲ ਗਾਂਧੀ ਵੱਲੋਂ ਵੀਰ ਸਾਵਰਕਰ ਬਾਰੇ ਦਿੱਤੇ ਬਿਆਨ ‘ਤੇ ਹੁਣ ਸਿਆਸਤ ਤੇਜ਼ ਹੋ ਗਈ ਹੈ। ਊਧਵ ਠਾਕਰੇ ਧੜੇ ਦੇ ਨੇਤਾ ਸੰਜੇ ਰਾਊਤ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਵੀਰ ਸਾਵਰਕਰ ‘ਤੇ ਟਿੱਪਣੀ ਨਹੀਂ ਕਰਨੀ ਚਾਹੀਦੀ ਸੀ। ਉਹ ਆਜ਼ਾਦੀ ਘੁਲਾਟੀਏ, ਕ੍ਰਾਂਤੀਕਾਰੀ ਨੇਤਾ ਸਨ ਅਤੇ ਸਾਡੇ ਅੰਦਰ ਉਨ੍ਹਾਂ ਲਈ ਸਤਿਕਾਰ ਦੀ ਭਾਵਨਾ ਹੈ।
ਅਸੀਂ ਰਾਹੁਲ ਗਾਂਧੀ ਨਾਲ ਕਰਾਂਗੇ ਗੱਲ – ਸੰਜੇ ਰਾਊਤ
ਨਾਲ ਹੀ, ਊਧਵ ਠਾਕਰੇ ਧੜੇ ਦੇ ਨੇਤਾ ਸੰਜੇ ਰਾਊਤ ਨੇ ਦੱਸਿਆ ਕਿ ਅਸੀਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਬੁਲਾਈ ਗਈ ਮੀਟਿੰਗ ਵਿਚ ਸ਼ਾਮਲ ਨਹੀਂ ਹੋ ਸਕੇ। ਅੱਜ ਵਿਰੋਧੀ ਧਿਰ ਦੀ ਮੀਟਿੰਗ ਸੱਦੀ ਗਈ ਤਾਂ ਵੀ ਅਸੀਂ ਉੱਥੇ ਨਹੀਂ ਜਾ ਸਕੇ। ਉਨ੍ਹਾਂ ਕਿਹਾ ਕਿ ਅਸੀਂ ਮਲਿਕਾਰਜੁਨ ਖੜਗੇ ਨਾਲ ਗੱਲ ਕੀਤੀ ਹੈ ਤੇ ਅਸੀਂ ਰਾਹੁਲ ਗਾਂਧੀ ਨਾਲ ਵੀ ਗੱਲ ਕਰਾਂਗੇ। ਅਸੀਂ ਹਮੇਸ਼ਾ ਵੀਰ ਸਾਵਰਕਰ ਦਾ ਸਤਿਕਾਰ ਕੀਤਾ ਹੈ, ਉਨ੍ਹਾਂ ਦਾ ਅਪਮਾਨ ਨਹੀਂ ਹੋਣਾ ਚਾਹੀਦਾ।
ਸਰਕਾਰ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ
ਹਾਲਾਂਕਿ ਸੰਜੇ ਰਾਊਤ ਨੇ ਅਡਾਨੀ ਮੁੱਦੇ ‘ਤੇ ਰਾਹੁਲ ਗਾਂਧੀ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਵਿਰੋਧੀ ਧਿਰ ਦੇ ਨਾਲ ਰਹਾਂਗੇ। ਵਿਰੋਧੀ ਧਿਰ ਜੋ ਵੀ ਫੈਸਲਾ ਕਰੇਗੀ, ਅਸੀਂ ਉਸ ਦਾ ਪਾਲਣ ਕਰਾਂਗੇ। ਸੰਸਦ ਕੰਮ ਨਹੀਂ ਕਰ ਰਹੀ। ਜ਼ਿੰਮੇਵਾਰੀ ਸਰਕਾਰ ਦੀ ਹੈ ਅਤੇ ਉਹ ਨਹੀਂ ਚਾਹੁੰਦੀ ਕਿ ਸੰਸਦ ਚੱਲੇ। ਸਰਕਾਰ ਸਾਰੇ ਗੰਭੀਰ ਮੁੱਦਿਆਂ ‘ਤੇ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ।
ਕੀ ਹੈ ਵਿਵਾਦ
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਮੇਰਾ ਨਾਂ ਸਾਵਰਕਰ ਨਹੀਂ, ਮੇਰਾ ਨਾਂ ਗਾਂਧੀ ਹੈ ਅਤੇ ਗਾਂਧੀ ਕਿਸੇ ਤੋਂ ਮਾਫੀ ਨਹੀਂ ਮੰਗਦੇ। ਇਸ ਬਿਆਨ ਨੂੰ ਲੈ ਕੇ ਭਾਜਪਾ ਹੁਣ ਕਾਂਗਰਸ ਨੇਤਾ ਰਾਹੁਲ ਗਾਂਧੀ ‘ਤੇ ਹਮਲਾ ਬੋਲ ਰਹੀ ਹੈ।