ਚਮੋਲੀ, 4 ਜੂਨ 2023- ਹੇਮਕੁੰਟ ਸਾਹਿਬ ਰੋਡ ‘ਤੇ ਅਟਲਕੁੜੀ ਗਲੇਸ਼ੀਅਰ ਪੁਆਇੰਟ ਨੇੜੇ ਐਤਵਾਰ ਸ਼ਾਮ 6 ਵਜੇ ਦੇ ਕਰੀਬ ਗਲੇਸ਼ੀਅਰ ਟੁੱਟਣ ਕਰਨ ਬਰਫ ‘ਚ ਫਸੀ ਇਕ ਮਹਿਲਾ ਸ਼ਰਧਾਲੂ ਲਾਪਤਾ ਹੋ ਗਈ। ਜਦੋਂ ਕੇ SDRF ਨੇ ਲਾਪਤਾ ਹੋਈ ਔਰਤ ਦੇ ਪਤੀ ਸਮੇਤ ਪੰਜ ਸ਼ਰਧਾਲੂਆਂ ਨੂੰ ਬਚਾਇਆ ਹੈ। ਬਰਫ਼ ਖਿਸਕਣ ਕਾਰਨ ਹੇਮਕੁੰਟ ਸਾਹਿਬ ਨੂੰ ਜਾਣ ਵਾਲਾ ਰਸਤਾ ਵੀ ਬੰਦ ਹੋ ਗਿਆ ਹੈ।
ਹਰ ਰੋਜ਼ ਸ਼ਰਧਾਲੂ ਯਾਤਰਾ ਦੇ ਆਧਾਰ ਕੈਂਪ ਘੰਗੜੀਆ ਤੋਂ ਛੇ ਕਿਲੋਮੀਟਰ ਪੈਦਲ ਚੱਲ ਕੇ ਹੇਮਕੁੰਟ ਸਾਹਿਬ ਪਹੁੰਚਦੇ ਹਨ। ਹੇਮਕੁੰਟ ਸਰੋਵਰ ਵਿਚ ਇਸ਼ਨਾਨ ਕਰਨ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਪਰਤਦੇ ਹਨ। ਐਤਵਾਰ ਨੂੰ ਆਖਰੀ ਜੱਥੇ ਦੇ ਛੇ ਸ਼ਰਧਾਲੂ ਸਮੇਂ ਸਿਰ ਹੇਮਕੁੰਟ ਸਾਹਿਬ ਤੋਂ ਰਵਾਨਾ ਹੋ ਗਏ ਸਨ ਪਰ ਬਹੁਤ ਥਕਾਵਟ ਕਾਰਨ ਸ਼ਾਮ 6 ਵਜੇ ਤੱਕ ਅਟਲਕੁੜੀ ਹੀ ਪਹੁੰਚੇ। ਜਦੋਂ ਸ਼ਰਧਾਲੂ ਗਲੇਸ਼ੀਅਰ ਪੁਆਇੰਟ ਤੋਂ ਲੰਘ ਰਹੇ ਸਨ ਤਾਂ ਰਸਤੇ ਵਿੱਚ ਅਚਾਨਕ ਬਰਫ਼ ਖਿਸਕ ਗਈ। ਜਿਸ ਕਾਰਨ ਸ਼ਰਧਾਲੂ ਬਰਫ ਦੇ ਵਿਚਕਾਰ ਫਸ ਗਏ।
SDRF ਦੇ ਜਵਾਨਾਂ ਨੇ ਮੌਕੇ ‘ਤੇ ਪਹੁੰਚ ਕੇ ਪੰਜ ਸ਼ਰਧਾਲੂਆਂ ਨੂੰ ਬਰਫ ‘ਚੋਂ ਬਾਹਰ ਕੱਢਿਆ। ਜਦਕਿ ਅੰਮ੍ਰਿਤਸਰ ਦੀ ਰਹਿਣ ਵਾਲੀ 37 ਸਾਲਾ ਕਮਲਜੀਤ ਕੌਰ ਲਾਪਤਾ ਹੋ ਗਈ ਹੈ। ਬਚਾਏ ਗਏ ਸ਼ਰਧਾਲੂਆਂ ਵਿੱਚ ਕਮਲਜੀਤ ਕੌਰ ਦਾ ਪਤੀ ਜਸਪ੍ਰੀਤ ਸਿੰਘ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਮੈਜਿਸਟਰੇਟ ਹਿਮਾਂਸ਼ੂ ਖੁਰਾਣਾ ਨੇ ਦੱਸਿਆ ਕਿ ਸਾਰੇ ਪੰਜ ਸ਼ਰਧਾਲੂਆਂ ਦਾ ਘੰਗਰੀਆ ਗੁਰਦੁਆਰੇ ਦੇ ਹਸਪਤਾਲ ਵਿੱਚ ਇਲਾਜ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ ਤਿੰਨ ਔਰਤਾਂ ਹਨ। SDRF ਲਾਪਤਾ ਔਰਤ ਦੀ ਭਾਲ ‘ਚ ਲੱਗੀ ਹੋਈ ਹੈ।
ਸ਼ਰਧਾਲੂਆਂ ਨੂੰ ਬਚਾਉਣ ਲਈ ਗੋਵਿੰਦਘਾਟ ਤੋਂ ਅਟਲਕੁੜੀ ਲਈ ਹੈਲੀਕਾਪਟਰ ਭੇਜਿਆ ਗਿਆ ਸੀ ਪਰ ਭਾਰੀ ਬਰਫਬਾਰੀ ਕਾਰਨ ਹੈਲੀਕਾਪਟਰ ਇੱਥੇ ਨਹੀਂ ਉਤਰ ਸਕਿਆ। ਕੁਝ ਸਮਾਂ ਅਸਮਾਨ ਵਿੱਚ ਰਹਿਣ ਤੋਂ ਬਾਅਦ ਹੈਲੀਕਾਪਟਰ ਵਾਪਸ ਪਰਤਿਆ। ਸ਼ਾਮ ਨੂੰ ਹਨੇਰਾ ਹੋਣ ਕਾਰਨ ਬਰਫ਼ ਹਟਾਉਣ ਦਾ ਕੰਮ ਵੀ ਪ੍ਰਭਾਵਿਤ ਹੋਇਆ।