ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਰਾਜਨੀਤੀ ਤੋਂ ਸੰਨਿਆਸ ਲੈਣ ਦੇ ਦਾਅਵਿਆਂ ਨੂੰ ਖਾਰਿਜ ਕਰ ਦਿੱਤਾ। ਮਹਾਰਾਸ਼ਟਰ ਦੇ ਰਤਨਾਗਿਰੀ ‘ਚ ਮੀਡੀਆ ਨਾਲ ਗੱਲ ਕਰਦਿਆ ਉਨ੍ਹਾਂ ਕਿਹਾ, ‘ਮੇਰਾ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਕੋਈ ਇਰਾਦਾ ਨਹੀਂ ਹੈ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮੁੰਬਈ-ਗੋਆ ਹਾਈਵੇ ਦੇ ਨਿਰਮਾਣ ਕਾਰਜ ਦਾ ਹਵਾਈ ਨਿਰੀਖਣ ਵੀ ਕੀਤਾ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵੱਲੋਂ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਗਿਆ ਕਿ ਮਹਾਰਾਸ਼ਟਰ ਦੇ ਉਦਯੋਗ ਮੰਤਰੀ ਉਦੈ ਸਾਮੰਤ ਵੀ ਇਸ ਮੌਕੇ ਮੌਜੂਦ ਸਨ।
Highway ਦਾ ਕੰਮ ਦਸੰਬਰ 2023 ਤਕ ਹੋ ਜਾਵੇਗਾ ਪੂਰਾ
ਕੇਂਦਰੀ ਮੰਤਰੀ ਗਡਕਰੀ ਨੇ ਕਿਹਾ ਕਿ ਮੁੰਬਈ-ਗੋਆ ਰਾਸ਼ਟਰੀ ਰਾਜਮਾਰਗ ਨੰਬਰ 66 ਦਾ ਨਿਰਮਾਣ ਕਾਰਜ ਦਸੰਬਰ 2023 ਤਕ ਪੂਰਾ ਹੋ ਜਾਵੇਗਾ ਅਤੇ ਜਨਵਰੀ 2024 ਵਿਚ ਸੜਕ ਆਵਾਜਾਈ ਲਈ ਖੁੱਲ੍ਹ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਮੁੰਬਈ-ਗੋਆ ਹਾਈਵੇ ਨੂੰ 10 ਪੈਕੇਜਾਂ ਵਿਚ ਵੰਡਿਆ ਗਿਆ ਹੈ। ਇਨ੍ਹਾਂ ਵਿੱਚੋਂ ਸਿੰਧੂਦੁਰਗ ਜ਼ਿਲ੍ਹੇ ਵਿੱਚ ਦੋ ਪੈਕੇਜ (ਪੀ-9, ਪੀ-10) ਲਗਭਗ 99 ਫੀਸਦੀ ਮੁਕੰਮਲ ਹਨ। ਰਤਨਾਗਿਰੀ ਜ਼ਿਲ੍ਹੇ ਵਿਚ ਕੁੱਲ ਪੰਜ ਪੈਕੇਜ ਹਨ ਅਤੇ ਇਹਨਾਂ ਦੋ ਪੈਕੇਜਾਂ ਵਿੱਚੋਂ (ਪੀ-4, ਪੀ-8) ਨੇ ਕ੍ਰਮਵਾਰ 92% ਅਤੇ 98% ਕੰਮ ਪੂਰਾ ਕਰ ਲਿਆ ਹੈ, ਬਾਕੀ ਕੰਮ ਚੱਲ ਰਿਹਾ ਹੈ।
ਕੇਂਦਰੀ ਮੰਤਰੀ ਨੇ ਦੱਸਿਆ ਕਿ ਨਵੇਂ ਠੇਕੇਦਾਰ ਦੀ ਨਿਯੁਕਤੀ ਕਰ ਕੇ ਦੋ ਪੈਕੇਜਾਂ (ਪੀ-6, ਪੀ-7) ਦੇ ਰੁਕੇ ਹੋਏ ਕੰਮ ਮੁੜ ਸ਼ੁਰੂ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ, ‘ਰਾਏਗੜ੍ਹ ਜ਼ਿਲ੍ਹੇ ਵਿਚ ਤਿੰਨ ਪੈਕੇਜਾਂ ਵਿੱਚੋਂ ਦੋ ਪੈਕੇਜ (ਪੀ-2, ਪੀ-3) ਕ੍ਰਮਵਾਰ 93 ਪ੍ਰਤੀਸ਼ਤ ਅਤੇ 82 ਪ੍ਰਤੀਸ਼ਤ ਮੁਕੰਮਲ ਹੋ ਗਏ ਹਨ। ਪੈਕੇਜ (ਪੀ-1) ‘ਤੇ ਅੱਧੇ ਤੋਂ ਵੱਧ ਕੰਮ ਹੋ ਗਿਆ ਹੈ। ਬਾਕੀ ਰਹਿੰਦਾ ਕੰਮ ਵੀ ਜਲਦੀ ਪੂਰਾ ਕਰ ਲਿਆ ਜਾਵੇਗਾ।’
ਜ਼ਮੀਨ ਐਕੁਆਇਰ ਹੋਣ ਕਾਰਨ ਕੰਮ ‘ਚ ਹੋਈ ਦੇਰੀ
ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇ ਅੱਗੇ ਕਿਹਾ ਕਿ ਪਨਵੇਲ-ਇੰਦਾਪੁਰ ਪੜਾਅ ਲਈ ਭੂਮੀ ਗ੍ਰਹਿਣ ਅਤੇ ਵਾਤਾਵਰਨ ਮਨਜ਼ੂਰੀ ਨੇ ਮੁੰਬਈ-ਗੋਆ ਰਾਸ਼ਟਰੀ ਰਾਜਮਾਰਗ ‘ਤੇ ਕੰਮ ਵਿਚ ਦੇਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਸਾਰੀਆਂ ਰੁਕਾਵਟਾਂ ਦੂਰ ਕਰ ਦਿੱਤੀਆਂ ਗਈਆਂ ਹਨ ਅਤੇ ਕਰਨਾਲਾ ਸੈਂਚੁਰੀ ਖੇਤਰ ਵਿਚ ਫਲਾਈਓਵਰ ਨੂੰ ਹਟਾ ਕੇ ਵਾਤਾਵਰਨ ਦੇ ਮੁੱਦੇ ਦਾ ਧਿਆਨ ਰੱਖਿਆ ਜਾ ਰਿਹਾ ਹੈ।
ਸੈਰ-ਸਪਾਟੇ ਦੇ ਵਿਕਾਸ ਨੂੰ ਮਿਲੇਗਾ ਹੁਲਾਰਾ
ਮੰਤਰੀ ਨੇ ਦੱਸਿਆ ਕਿ ਗੋਆ ਵਿਚ ਮੁੰਬਈ-ਗੋਆ ਰਾਸ਼ਟਰੀ ਰਾਜਮਾਰਗ ਦਾ ਨਿਰਮਾਣ ਕਾਰਜ ਪੂਰਾ ਹੋ ਗਿਆ ਹੈ। ਮੁੰਬਈ-ਗੋਆ ਰਾਸ਼ਟਰੀ ਰਾਜਮਾਰਗ ਕੋਂਕਣ ਦੇ ਪ੍ਰਮੁੱਖ ਸੈਰ-ਸਪਾਟਾ ਸਥਾਨਾਂ ਨੂੰ ਜੋੜਨ ਵਾਲਾ ਰਾਜਮਾਰਗ ਹੈ। ਇਸ ਨਾਲ ਸੈਰ ਸਪਾਟੇ ਦੇ ਵਿਕਾਸ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਵੱਡੇ ਉਦਯੋਗਿਕ ਖੇਤਰਾਂ ਨੂੰ ਜੋੜਨ ਵਾਲੀ ਸੜਕ ਬਣਨ ਨਾਲ ਉਦਯੋਗਿਕ ਵਿਕਾਸ ਨੂੰ ਵੀ ਹੁਲਾਰਾ ਮਿਲੇਗਾ।