20 ਅਕਤੂਬਰ 2023- ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਤੇ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਦੇ ਮੁਖੀ ਕੇ. ਚੰਦਰਸ਼ੇਖਰ ਰਾਓ (ਕੇਸੀਆਰ) ’ਤੇ ਹੱਲਾ ਬੋਲਿਆ। ਉਨ੍ਹਾਂ ਕਿਹਾ ਕਿ ਤੇਲੰਗਾਨਾ ਦੇ ਲੋਕਾਂ ਨੇ ਸੋਚਿਆ ਸੀ ਕਿ ਨਵੇਂ ਸੂਬੇ ਦੇ ਗਠਨ ਤੋਂ ਬਾਅਦ ਜਨਤਾ ਦਾ ਸ਼ਾਸਨ ਹੋਵੇਗਾ ਪਰ ਸੂਬਾ ਬਣਿਆ ਤਾਂ ਉਸ ’ਤੇ ਇਕ ਹੀ ਪਰਿਵਾਰ ਦਾ ਸ਼ਾਸਨ ਚੱਲ ਰਿਹਾ ਹੈ। ਸੂਬੇ ਦਾ ਪੂਰਾ ਫੰਡ ਚਾਹੇ ਜ਼ਮੀਨ, ਰੇਤ ਹੋਵੇ ਜਾਂ ਸ਼ਰਾਬ, ਸਾਰਾ ਕੁਝ ਇਕ ਇਕੱਲੇ ਪਰਿਵਾਰ ਦੇ ਕੰਟਰੋਲ ’ਚ ਹੈ। ਉਨ੍ਹਾਂ ਨੇ ਤੇਲੰਗਾਨਾ ਦੇ ਜਗਤਲ ’ਚ ‘ਵਿਜੈਭੇਰੀ ਯਾਤਰਾ’ ਦੌਰਾਨ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਨੂੰ ਲੱਗਿਆ ਕਿ ਤੇਲੰਗਾਨਾ ਸੂਬੇ ’ਚ ਜਨਤਾ ਦਾ ਸ਼ਾਸਨ ਹੋਵੇਗਾ ਪਰ ਸੂਬੇ ਦਾ ਗਠਨ ਹੋਇਆ ਤਾਂ ਇਕ ਇਕੱਲੇ ਪਰਿਵਾਰ ਦਾ ਹੀ ਸ਼ਾਸਨ ਸਥਾਪਤ ਹੋਇਆ। ਉਨ੍ਹਾਂ ਕਿਹਾ ਕਿ ਹਜ਼ਾਰਾਂ ਕਰੋੜ ਰੁਪਏ ਬਣਾ ਲਏ ਗਏ ਪਰ ਇੱਥੋਂ ਦੀਆਂ ਖੰਡ ਮਿੱਲਾਂ ਬੰਦ ਹੀ ਰਹੀਆਂ। ਉਨ੍ਹਾਂ ਵਾਅਦਾ ਕੀਤਾ ਕਿ ਜਦੋਂ ਕਾਂਗਰਸ ਸੂਬੇ ’ਚ ਸਰਕਾਰ ਬਣਾਏਗੀ ਤਾਂ ਉਹ ਖੰਡ ਮਿੱਲਾਂ ਨੂੰ ਫਿਰ ਤੋਂ ਖੜ੍ਹਾ ਕਰਨ ’ਚ ਮਦਦ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜੇ ਕਾਂਗਰਸ ਆਈ ਤਾਂ ਹਲਦੀ ਲਈ 12 ਤੋਂ 15 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਐੱਮਐੱਸਪੀ ਦੇਵੇਗੀ। ਇਸ ਤੋਂ ਇਲਾਵਾ ਜੋ ਵੀ ਉਪਜ ਹੋਵੇਗੀ, ਉਸ ਦਾ ਐੱਮਐੱਸਪੀ 500 ਰੁਪਏ ਪ੍ਰਤੀ ਕੁਇੰਟਲ ਵਾਧੂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੱਤਾ ’ਚ ਆਉਣ ’ਤੇ ਤੇਲੰਗਾਨਾ ’ਚ ਜਾਤੀ ਆਧਾਰਤ ਮਰਦਮਸ਼ੁਮਾਰੀ ਕਰਵਾਈ ਜਾਵੇਗੀ ਤਾਂ ਕਿ ਓਬੀਸੀ ਨੂੰ ਪਤਾ ਹੋਵੇ ਕਿ ਸੂਬੇ ’ਚ ਉਨ੍ਹਾਂ ਦੀ ਆਬਾਦੀ ਕਿੰਨੀ ਹੈ। ਓਬੀਸੀ ਬਹੁਤ ਮਿਹਨਤੀ ਹੁੰਦੇ ਹਨ ਤੇ ਉਹ ਦੇਸ਼ ਦੀ ਰੀੜ੍ਹ ਦੀ ਹੱਡੀ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਸੀਆਰ ਨਹੀਂ ਚਾਹੁੰਦੇ ਕਿ ਓਬੀਸੀ ਨੂੰ ਉਨ੍ਹਾਂ ਦੀ ਆਬਾਦੀ ਬਾਰੇ ਪਤਾ ਹੋਵੇ।
ਕਿਹਾ, ਪੂਰਾ ਭਾਰਤ ਹੀ ਮੇਰਾ ਘਰ
ਉਨ੍ਹਾਂ ਕਿਹਾ ਕਿ ਭਾਜਪਾ, ਬੀਆਰਐੱਸ ਤੇ ਏਆਈਐੱਮਆਈਐੱਮ ਸਾਰੇ ਮਿਲੇ ਹੋਏ ਹਨ ਤੇ ਇਕੱਠੇ ਕੰਮ ਕਰ ਰਹੇ ਹਨ। ਦਿੱਲੀ ’ਚ ਬੀਆਰਐੱਸ ਭਾਜਪਾ ਦੀ ਮਦਦ ਕਰਦੀ ਹੈ। ਲੋਕ ਸਭਾ ’ਚ ਵੀ ਬੀਆਰਐੱਸ ਦੀ ਭਾਜਪਾ ਨੂੰ ਪੂਰੀ ਹਮਾਇਤ ਰਹਿੰਦੀ ਹੈ ਜਦਕਿ ਤੇਲੰਗਾਨਾ ’ਚ ਭਾਜਪਾ ਤੇ ਏਆਈਐੱਮਆਈਐੱਮ ਮਿਲ ਕੇ ਬੀਆਰਐੱਸ ਦੀ ਮਦਦ ਕਰਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਖਿਲ਼ਾਫ਼ ਲੜਾਈ ’ਚ ਉਨ੍ਹਾਂ ਖ਼ਿਲਾਫ਼ ਇੱਥੇ 25-30 ਮਾਮਲੇ ਹਨ। ਮੇਰੀ ਲੋਕ ਸਭਾ ਮੈਂਬਰੀ ਵੀ ਮੁਅੱਤਲ ਕਰ ਦਿੱਤੀ ਗਈ ਸੀ। ਉਨ੍ਹਾਂ ਨੇ ਮੇਰਾ ਘਰ ਵੀ ਲੈ ਲਿਆ, ਜੋ ਮੈਂ ਖ਼ੁਸ਼ੀ-ਖ਼ੁਸ਼ੀ ਦੇ ਦਿੱਤਾ। ਮੈਨੂੰ ਕਿਸੇ ਘਰ ਦੀ ਜ਼ਰੂਰਤ ਨਹੀਂ ਹੈ। ਪੂਰਾ ਭਾਰਤ ਹੀ ਮੇਰਾ ਘਰ ਹੈ।
ਡੋਸਾ ਬਣਾਉਣ ’ਤੇ ਅਜ਼ਮਾਇਆ ਹੱਥ
ਰਾਹੁਲ ਗਾਂਧੀ ਨੇ ਜਗਤਲ ਜ਼ਿਲ੍ਹੇ ’ਚ ਸੜਕ ਕਿਨਾਰੇ ਇਕ ਖੋਮਚੇ ’ਤੇ ਡੋਸਾ ਬਣਾਉਣ ’ਚ ਆਪਣਾ ਹੱਥ ਅਜ਼ਮਾਇਆ। ਉਨ੍ਹਾਂ ਨੇ ਕਰੀਮਨਗਰ ਤੋਂ ਜਗਤਲ ਪਹੁੰਚਣ ’ਤੇ ਨੁਕਾਪੱਲੀ ਬੱਸ ਸਟੈਂਡ ਨੇੜੇ ਸਥਿਤ ਇਕ ਡੋਸਾ ਬਣਾਉਣ ਵਾਲੇ ਦੀ ਦੁਕਾਨ ’ਤੇ ਜਾ ਕੇ ਡੋਸਾ ਬਣਾਉਣਾ ਸਿੱਖਿਆ ਤੇ ਉੱਥੇ ਮੌਜੂਦ ਲੋਕਾਂ ਨਾਲ ਮਿਲ ਕੇ ਖਾਧਾ ਵੀ। ਸਥਾਨਕ ਲੋਕਾਂ ਨੂੰ ਹੈਰਾਨ ਕਰਦਿਆਂ ਉਨ੍ਹਾਂ ਨੇ ਪਹਿਲਾਂ ਤਾਂ ਡੋਸਾ ਬਣਾਉਣ ਦੀ ਵਿਧੀ ਬਾਰੇ ਪੁੱਛਿਆ ਤੇ ਫਿਰ ਦੁਕਾਨਦਾਰ ਦੀ ਨਿਗਰਾਨੀ ’ਚ ਡੋਸਾ ਬਣਾਇਆ ਤੇ ਆਪਣੇ ਨਾਲ ਆਏ ਲੋਕਾਂ ਨਾਲ ਮਿਲ ਕੇ ਡੋਸਾ ਖਾਧਾ। ਉਨ੍ਹਾਂ ਨੇ ਆਉਂਦੇ-ਜਾਂਦੇ ਰਾਹਗੀਰਾਂ ਨਾਲ ਗੱਲਬਾਤ ਕੀਤੀ ਤੇ ਆਪਣੀ ਤੇਲੰਗਾਨਾ ਮੁਹਿੰਮ ਦੇ ਤੀਜੇ ਦਿਨ ਬੱਚਿਆਂ ਨੂੰ ਚਾਕਲੇਟ ਵੰਡੀ। ਉਹ ਬੱਸ ਯਾਤਰਾ ਦੌਰਾਨ ਦਿੱਲੀ ਵਾਪਸ ਜਾਂਦੇ ਸਮੇਂ ਅਰਮੂਰ ਜ਼ਿਲ੍ਹੇ ਦਾ ਵੀ ਦੌਰਾ ਕਰਦੇ ਆਏ।