Punjab Politics: ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਲਗਪਗ ਤੈਅ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 11 ਜਾਂ 12 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੋਂ ਪਹਿਲਾਂ ਸੁਖਬੀਰ ਦੀ ਮੁਲਾਕਾਤ ਅਮਿਤ ਸ਼ਾਹ ਨਾਲ ਹੋਵੇਗੀ। ਇਸ ਮੀਟਿੰਗ ਵਿਚ ਹੀ ਲੋਕ ਸਭਾ ਦੀਆਂ ਸੀਟਾਂ ਦਾ ਫਾਰਮੂਲਾ ਤੈਆ ਹੋ ਜਾਵੇਗਾ। ਉਧਰ ਸੂਬੇ ਵਿਚ ਪੰਜਾਬ ਬਚਾਓ ਯਾਤਰਾ ਕੱਢ ਰਹੇ ਸੁਖਬੀਰ ਬਾਦਲ ਦੀ ਇਹ ਯਾਤਰਾ 11 ਤੇ 12 ਫਰਵਰੀ ਨੂੰ ਨਹੀਂ ਹੋਵੇਗੀ।
BJP ਨੇ ਵੀ ਇਸ ਗੱਲ ਦੇ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ ਹਨ। ਭਾਜਪਾ ਦੇ ਕੌਮੀ ਸੰਗਠਨ ਮਹਾ ਮੰਤਰੀ ਬੀਐੱਲ ਸੰਤੋਸ਼ ਸ਼ੁੱਕਰਵਾਰ ਨੂੰ ਚੰਡੀਗੜ੍ਹ ਪੁੱਜੇ। ਸੂਤਰਾਂ ਮੁਤਾਬਿਕ ਉਨ੍ਹਾਂ ਨੇ ਵੀ ਗੱਠਜੋੜ ਨੂੰ ਲੈ ਕੇ ਭਾਜਪਾ ਨੇਤਾਵਾਂ ਦੀ ਨਬਜ਼ ਟਟੋਲੀ। ਉਧਰ ਸਰਕਾਰ ਨੇ ਹਰਿਆਣਾ ਵਿਚ ਹੋਣ ਵਾਲੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਵੀ ਟਾਲ਼ ਦਿੱਤਾ। ਅਹਿਮ ਗੱਲ ਇਹ ਹੈ ਕਿ ਐੱਚਐੱਸਜੀਪੀਸੀ ਦੀਆਂ ਚੋਣਾਂ ਦਾ ਐਲਾਨ ਵੀ 7 ਫਰਵਰੀ ਨੂੰ ਕੀਤਾ ਗਿਆ ਸੀ। ਇਸ ਦੇ ਇਕ ਦਿਨ ਬਾਅਦ ਹੀ ਇਸ ਨੂੰ ਟਾਲ਼ ਦਿੱਤਾ ਗਿਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇਸ ਦਾ ਵਿਰੋਧ ਕਰ ਰਿਹਾ ਸੀ। ਵੀਰਵਾਰ ਨੂੰ ਐੱਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵਿਰੋਧ ਦਰਜ ਕਰਵਾਇਆ ਸੀ। ਪਾਰਟੀ ਦੇ ਸੂਤਰਾਂ ਮੁਤਾਬਿਕ ਇਹ ਸਾਰੇ ਕਦਮ ਉਦੋਂ ਹੀ ਚੁੱਕੇ ਗਏ ਜਦੋਂ ਦੋਵਾਂ ਪਾਰਟੀਆਂ ਦੀਆਂ ਦੂਰੀਆਂ ਘੱਟ ਹੋ ਗਈਆਂ। ਦੱਸ ਦੇਈਏ ਕਿ ਤਿੰਨ ਖੇਤੀ ਬਿੱਲਾਂ ਨੂੰ ਲੈ ਕੇ ਅਕਾਲੀ ਦਲ ਨੇ ਸਤੰਬਰ 2020 ਵਿਚ ਭਾਜਪਾ ਨਾਲ ਢਾਈ ਦਹਾਕੇ ਪੁਰਾਣਾ ਗੱਠਜੋੜ ਤੋੜ ਲਿਆ ਸੀ।
ਭਾਜਪਾ ਨਾਲ ਗੱਠਜੋੜ ਤੋੜਨ ਦੇ ਬਾਅਦ ਅਕਾਲੀ ਦਲ ਨੂੰ ਸਿਆਸੀ ਤੌਰ ’ਤੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਪਾਰਟੀ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਿਰਫ ਤਿੰਨ ਸੀਟਾਂ ’ਤੇ ਸਿਮਟ ਗਈ। ਦੋ ਵਿਧਾਨ ਸਭਾ ਚੋਣਾਂ ਹਾਰਨ ਦੇ ਬਾਵਜੂਦ ਅਕਾਲੀ ਦਲ ਨੂੰ ਸਿਆਸੀ ਤੌਰ ’ਤੇ ਬੜ੍ਹਤ ਮਿਲਦੀ ਨਹੀਂ ਦਿਸ ਰਹੀ। ਉਧਰ ਵੱਖ-ਵੱਖ ਸਰਵੇਖਣਾਂ ਦੀ ਰਿਪੋਰਟ ਵੀ ਅਕਾਲੀ ਦਲ ਤੇ ਭਾਜਪਾ ਦੇ ਹੱਕ ਵਿਚ ਨਹੀਂ ਆ ਰਹੀ। ਇਸ ਨੂੰ ਦੇਖਦੇ ਹੋਏ ਹੁਣ ਇਕ ਵਾਰ ਫਿਰ ਦੋਵਾਂ ਪਾਰਟੀਆਂ ਨੇ ਇਕ ਹੀ ਮੰਚ ’ਤੇ ਆਉਣ ਦਾ ਮਨ ਬਣਾ ਲਿਆ ਹੈ। ਪਾਰਟੀ ਸੂਤਰ ਦੱਸਦੇ ਹਨ ਕਿ ਸੀਟਾਂ ਦਾ ਫਾਰਮੂਲਾ ਵੀ ਤੈਅ ਹੋ ਗਿਆ ਹੈ। ਅਕਾਲੀ ਦਲ 7 ਤੇ ਭਾਜਪਾ 6 ਸੀਟਾਂ ’ਤੇ ਲੋਕ ਸਭਾ ਦੀ ਚੋਣ ਲੜੇਗੀ। ਜਦਕਿ ਇਸ ਤੋਂ ਪਹਿਲਾਂ ਅਕਾਲੀ ਦਲ 9 ਅਤੇ ਭਾਜਪਾ 3 ਸੀਟਾਂ ’ਤੇ ਚੋਣ ਲੜਦੀ ਸੀ।
ਸੁਖਬੀਰ 11-12 ਫਰਵਰੀ ਨੂੰ ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰ ਸਕਦੇ ਹਨ ਤੇ 16 ਫਰਵਰੀ ਨੂੰ ਭਾਜਪਾ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਤੋਂ ਪਹਿਲਾਂ ਗੱਠਜੋੜ ਦਾ ਐਲਾਨ ਹੋ ਸਕਦਾ ਹੈ। ਦੱਸਣਯੋਗ ਹੈ ਕਿ ਦਿੱਲੀ ਵਿਚ 16 ਫਰਵਰੀ ਨੂੰ ਭਾਜਪਾ ਕਾਰਜਕਾਰਨੀ ਦੀ ਤੇ 17-18 ਫਰਵਰੀ ਨੂੰ ਕੌਮੀ ਕੌਂਸਲ ਦੀ ਮੀਟਿੰਗ ਹੋਣੀ ਹੈ। ਇਸ ਤੋਂ ਪਹਿਲਾਂ ਹੀ ਭਾਜਪਾ ਹੋਰ ਪਾਰਟੀਆਂ ਤੋਂ ਇਲਾਵਾ ਅਕਾਲੀ ਦਲ ਨਾਲ ਗੱਠਜੋੜ ਕਰਨ ਦਾ ਐਲਾਨ ਕਰ ਸਕਦੀ ਹੈ।
ਦੱਸਣਯੋਗ ਹੈ ਕਿ ਭਾਵੇਂ ਹੀ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਟੁੱਟ ਗਿਆ ਹੋਵੇ ਪਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਸਾਰੇ ਪ੍ਰੋਗਰਾਮ ਛੱਡ ਕੇ ਚੰਡੀਗੜ੍ਹ ਪੁੱਜੇ ਸਨ। ਜਦਕਿ ਬਾਦਲ ਦੇ ਸਸਕਾਰ ’ਤੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਤੇ ਭੋਗ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੁੱਜੇ ਸਨ। ਉਦੋਂ ਤੋਂ ਹੀ ਹਿ ਕਿਆਸ ਲਾਏ ਜਾਂਦੇ ਰਹੇ ਹਨ ਕਿ ਚੋਣਾਂ ਨੇੜੇ ਆਉਣ ’ਤੇ ਦੋਵੇਂ ਪਾਰਟੀਆਂ ਇਕੱਠੀਆਂ ਹੋ ਸਕਦੀਆਂ ਹਨ।
Punjab Politics ਚੰਡੀਗੜ੍ਹ ਨੂੰ ਮਿਲਿਆ ਨਵਾਂ ਮੇਅਰ