ਅਬੋਹਰ, 05 ਅਕਤੂਬਰ 2023- ਥਾਣਾ ਖੂਈਖੇੜਾ ਅਧੀਨ ਪੈਂਦੇ ਇਕ ਪਿੰਡ ਦੀ ਰਹਿਣ ਵਾਲੀ ਇਕ ਨਾਬਾਲਗ ਵਿਦਿਆਰਥਣ ਨੇ ਫਾਹਾ ਲੈ ਲਿਆ। ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਫਰੀਦਕੋਟ ਰੈਫਰ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਨੌਵੀਂ ਜਮਾਤ ’ਚ ਪੜ੍ਹਦੀ ਕਰੀਬ 14 ਸਾਲਾ ਲੜਕੀ ਦੇ ਮਾਤਾ-ਪਿਤਾ ਖੇਤ ਗਏ ਹੋਏ ਸਨ, ਜਦੋਂ ਕਿ ਉਸ ਦੀ ਭੈਣ ਸਕੂਲ ਗਈ ਹੋਈ ਸੀ। ਉਹ ਘਰ ’ਚ ਇਕੱਲੀ ਹੀ ਸੀ। ਇਸ ਦੌਰਾਨ ਉਸ ਨੇ ਫਾਹਾ ਲੈ ਲਿਆ। ਫਾਹਾ ਲੈਣ ਤੋਂ ਬਾਅਦ ਜਦ ਉਸ ਨੇ ਰੌਲਾ ਪਾਇਆ ਤਾਂ ਗੁਆਂਢੀਆਂ ਨੇ ਕਮਰਾ ਖੋਲ੍ਹ ਕੇ ਦੇਖਿਆ ਤਾਂ ਉਹ ਫਾਹੇ ’ਤੇ ਲਟਕ ਰਹੀ ਸੀ। ਆਲੇ-ਦੁਆਲੇ ਦੇ ਲੋਕਾਂ ਨੇ ਉਸ ਨੂੰ ਹੇਠਾਂ ਲਾਹ ਕੇ ਸਰਕਾਰੀ ਹਸਪਤਾਲ ਲਿਆਂਦਾ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਰੈਫਰ ਕਰ ਦਿੱਤਾ। ਇਸ ਸਬੰਧੀ ਹਸਪਤਾਲ ਦੇ ਫਾਰਮਾਸਿਸਟ ਅਕਸ਼ੈ ਕੁਮਾਰ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਲੰਬੇ ਸਮੇਂ ਤੋਂ ਫਾਹੇ ’ਤੇ ਲਟਕਣ ਕਾਰਨ ਉਸ ਦੇ ਗਲੇ ਦੀਆਂ ਨਾੜਾਂ ’ਤੇ ਦਬਾਅ ਪੈਣ ਕਾਰਨ ਉਸ ਦੀ ਹਾਲਤ ਗੰਭੀਰ ਬਣ ਗਈ ਹੈ, ਜਿਸ ਕਾਰਨ ਉਸ ਨੂੰ ਰੈਫਰ ਕਰ ਦਿੱਤਾ ਗਿਆ ਹੈ।