ਚੰਡੀਗੜ੍ਹ,30ਮਾਰਚ -‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਤੇ ਖਾਲਿਸਤਾਨ ਪ੍ਰਚਾਰਕ ਅੰਮ੍ਰਿਤਪਾਲ ਸਿੰਘ ਦੀ ਭਾਲ 13ਵੇਂ ਦਿਨ ਵੀ ਜਾਰੀ ਹੈ। ਅੰਮ੍ਰਿਤਪਾਲ ਨੂੰ ਲੱਭਣ ਲਈ ਹੁਸ਼ਿਆਰਪੁਰ ‘ਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਇੱਥੇ ਡਰੋਨ ਰਾਹੀਂ ਉਸ ਦੀ ਭਾਲ ਕੀਤੀ ਜਾ ਰਹੀ ਹੈ। ਉਤਰਾਖੰਡ ਤੋਂ ਆਉਣ ਤੋਂ ਬਾਅਦ ਅੰਮ੍ਰਿਤਪਾਲ ਜਲੰਧਰ ਦੇ ਕਪੂਰਥਲਾ ਬਾਰਡਰ ਨੇੜੇ ਡੇਰੇ ਵਿਚ ਲੁਕਿਆ ਹੋਇਆ ਸੀ। ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਨੇ ਬੀਤੇ ਕੱਲ੍ਹ ਇਕ ਵੀਡੀਓ ਜਾਰੀ ਕੀਤਾ। ਰਿਪੋਰਟਾਂ ਦੀ ਮੰਨੀਏ ਤਾਂ ਇਸ ਦੀ ਸ਼ੂਟਿੰਗ 28 ਮਾਰਚ ਨੂੰ ਨੇਪਾਲ ਦੇ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਖੇਤਰ ਵਿੱਚ ਕੀਤੀ ਗਈ ਸੀ। ਵੀਡੀਓ ਦੇਸ਼ ਦੇ ਬਾਹਰੋਂ ਪ੍ਰਸਾਰਿਤ ਕੀਤਾ ਗਿਆ ਸੀ। ਪੁਲਿਸ ਨੇ ਤਿੰਨ IP ਪਤਿਆਂ ਦੀ ਪਛਾਣ ਕੀਤੀ ਹੈ, ਜੋ ਕੈਨੇਡਾ, ਯੂਕੇ ਅਤੇ ਦੁਬਈ ਦੇ ਹਨ। ਇਨ੍ਹਾਂ ਦੇਸ਼ਾਂ ਤੋਂ ਹੀ ਵੀਡੀਓ ਨੂੰ ਇੰਟਰਨੈੱਟ ‘ਤੇ ਪਾ ਦਿੱਤਾ ਗਿਆ ਸੀ। ਜਾਰੀ ਕੀਤੀ ਗਈ ਵੀਡੀਓ ਵਿੱਚ ਅਮ੍ਰਿੰਤਪਾਲ ਨੇ ਕਿਹਾ ਕਿ ਮੇਰਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਿਆ ਮੈਂ ਗ੍ਰਿਫਤਾਰੀ ਤੋਂ ਨਹੀਂ ਡਰਦਾ। 18 ਮਾਰਚ ਨੂੰ ਵਾਹਿਗੁਰੂ ਦੀ ਕਿਰਪਾ ਨਾਲ ਬਚ ਗਿਆ। ਵੀਡੀਓ ਵਿੱਚ ਉਹ ਦੇਸ਼-ਵਿਦੇਸ਼ ਵਿੱਚ ਵੱਸਦੇ ਸਿੱਖ ਭਾਈਚਾਰੇ ਨੂੰ ਵਿਸਾਖੀ ਮੌਕੇ ਸਰਬੱਤ ਖ਼ਾਲਸਾ (ਧਰਮ ਸਭਾ) ਸੱਦਣ ਦੀ ਅਪੀਲ ਕਰਦਾ ਨਜ਼ਰ ਆ ਰਿਹਾ ਹੈ। ਉਸਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਵੀ ਵਿਸਾਖੀ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ, ਬਠਿੰਡਾ ਵਿਖੇ ਸਰਬੱਤ ਖ਼ਾਲਸਾ ਸੱਦਣ ਦੀ ਅਪੀਲ ਕੀਤੀ।