Home Politics ‘ਆਪ’ ਦੇ ਬਲਾਕ ਪ੍ਰਧਾਨ ‘ਤੇ ਜਾਨਲੇਵਾ ਹਮਲਾ, ਘਰ ‘ਚ ਵੜ ਕੇ ਚਲਾਈਆਂ ਗੋਲ਼ੀਆਂ

‘ਆਪ’ ਦੇ ਬਲਾਕ ਪ੍ਰਧਾਨ ‘ਤੇ ਜਾਨਲੇਵਾ ਹਮਲਾ, ਘਰ ‘ਚ ਵੜ ਕੇ ਚਲਾਈਆਂ ਗੋਲ਼ੀਆਂ

0
‘ਆਪ’ ਦੇ ਬਲਾਕ ਪ੍ਰਧਾਨ ‘ਤੇ ਜਾਨਲੇਵਾ ਹਮਲਾ, ਘਰ ‘ਚ ਵੜ ਕੇ ਚਲਾਈਆਂ ਗੋਲ਼ੀਆਂ

ਸ੍ਰੀ ਮੁਕਤਸਰ ਸਾਹਿਬ, 12 ਦਸੰਬਰ 2023 – ਮੁਕਤਸਰ ਦੇ ਪਿੰਡ ਨੂਰਪੁਰ ਕਿਰਪਾਲਕੇ ’ਚ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ’ਤੇ ਕੁਝ ਵਿਅਕਤੀਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ ਹੈ। ਮੁਲਜ਼ਮਾਂ ਨੇ ਘਰ ‘ਚ ਦਾਖ਼ਲ ਹੋ ਕੇ ਗੋਲ਼ੀਆਂ ਚਲਾ ਦਿੱਤੀਆਂ। ਹਾਲਾਂਕਿ ਬਲਾਕ ਪ੍ਰਧਾਨ ਨੂੰ ਗੋਲ਼ੀ ਨਹੀਂ ਲੱਗੀ ਪਰ ਹਮਲੇ ਕਾਰਨ ਉਹ ਜ਼ਖਮੀ ਹੋ ਗਿਆ ਤੇ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਘਟਨਾ ਸੋਮਵਾਰ ਦੇਰ ਰਾਤ ਵਾਪਰੀ। ਦੂਜੇ ਪਾਸੇ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਹਮਲਾਵਰ ਅਕਾਲੀ ਦਲ ਨਾਲ ਸਬੰਧਤ ਦੱਸੇ ਜਾ ਰਹੇ ਹਨ। ਹਸਪਤਾਲ ’ਚ ਜ਼ੇਰੇ ਇਲਾਜ ਲਾਡੀ ਕਿਰਪਾਲਕੇ ਨੇ ਦੱਸਿਆ ਕਿ ਉਹ ਸੋਮਵਾਰ ਰਾਤ ਆਪਣੇ ਪਰਿਵਾਰ ਨਾਲ ਘਰ ਵਿੱਚ ਸੀ।

ਇਸ ਦੌਰਾਨ ਪਿੰਡ ਦੇ ਹੀ ਕੁਝ ਲੋਕ ਰੰਜਿਸ਼ ਰੱਖਦਿਆਂ ਆਪਣੇ ਕੁਝ ਸਾਥੀਆਂ ਨਾਲ ਥਾਰ ਗੱਡੀ ’ਚ ਆਏ ਅਤੇ ਆਮ ਆਦਮੀ ਪਾਰਟੀ ਬਲਾਕ ਪ੍ਰਧਾਨ ਦੇ ਘਰ ਦੇ ਬਾਹਰ ਦੋ ਗੋਲ਼ੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਹਮਲਾਵਰ ਉਸ ਦੇ ਘਰ ’ਚ ਦਾਖਲ ਹੋ ਗਏ ਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਫਿਰ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ। ਇਹ ਦੇਖ ਕੇ ਉਹ ਡਰ ਗਿਆ ਅਤੇ ਹਮਲਾਵਰਾਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਲਾਡੀ ਕਿਰਪਾਲਕੇ ਨੇ ਦੋਸ਼ ਲਾਇਆ ਕਿ ਉਸ ਨੂੰ ਜ਼ਖ਼ਮੀ ਕਰਨ ਤੋਂ ਬਾਅਦ ਹਮਲਾਵਰ ਡੇਢ ਘੰਟੇ ਤੱਕ ਉਸ ਦੇ ਘਰ ਦੇ ਬਾਹਰ ਥਾਰ ਗੱਡੀ ’ਤੇ ਹੁੱਲੜਬਾਜ਼ੀ ਕਰਦੇ ਰਹੇ ਅਤੇ ਗੋਲੀਬਾਰੀ ਕਰਦੇ ਰਹੇ। ਪੁਲਿਸ ਦੇ ਆਉਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਪੁਲਿਸ ਨੇ ਆ ਕੇ ਉਸਨੂੰ ਜ਼ਖਮੀ ਹਾਲਤ ‘ਚ ਸਿਵਲ ਹਸਪਤਾਲ ਮੁਕਤਸਰ ਵਿਖੇ ਦਾਖਲ ਕਰਵਾਇਆ।

ਲਾਡੀ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਦੇ ਲੜਕੇ ਨੇ ਤਿੰਨ ਦਿਨ ਪਹਿਲਾਂ ਥਾਣਾ ਸਦਰ ਵਿਖੇ ਹਮਲਾਵਰਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਪਰ ਪੁਲੀਸ ਨੇ ਉਸ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਿਸ ਕਾਰਨ ਉਸ ’ਤੇ ਕਾਤਲਾਨਾ ਹਮਲਾ ਕਰ ਦਿੱਤਾ। ਉਨ੍ਹਾਂ ਪੁਲਿਸ ਨੂੰ ਅਪੀਲ ਕਰਦਿਆਂ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਉਹ ਕਾਨੂੰਨ ਨੂੰ ਹੱਥ ’ਚ ਲੈਣ ਬਾਰੇ ਦੁਬਾਰਾ ਨਾ ਸੋਚਣ।

ਹਮਲਾਵਰਾਂ ਦੀ ਪਛਾਣ ਕਰਕੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ : ਡੀਐਸਪੀ

ਡੀਐਸਪੀ ਸਤਨਾਮ ਸਿੰਘ ਨੇ ਦੱਸਿਆ ਕਿ ਮਾਮਲੇ ’ਚ ਜ਼ਖ਼ਮੀ ਦੇ ਬਿਆਨ ਦਰਜ ਕਰ ਲਏ ਗਏ ਹਨ। ਹਮਲਾਵਰਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਵੇਗਾ।

Click Here For More News