ਪਟਿਆਲਾ, 07 ਦਸੰਬਰ 2023 – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਹਰਿਆਣਾ ’ਚ ਮੌਜੂਦ ਚੋਣ ਹਲਕਿਆਂ ਨੂੰ ਬਾਹਰ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਬੁੱਧਵਾਰ ਨੂੰ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਕੇਂਦਰ ਸਰਕਾਰ ਸਮੇਤ ਪੰਜਾਬ, ਹਰਿਆਣਾ, ਹਿਮਾਚਲ ਤੇ ਸ਼੍ਰੋਮਣੀ ਕਮੇਟੀ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਤਲਬ ਕੀਤਾ ਹੈ। ਪਟੀਸ਼ਨ ’ਚ ਦਲੀਲ ਦਿੱਤੀ ਗਈ ਹੈ ਕਿ ਹਰਿਆਣੇ ਲਈ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਜਾ ਚੁੱਕਿਆ ਹੈ। ਇਸ ਲਈ ਹਰਿਆਣੇ ਦੇ ਚੋਣ ਹਲਕਿਆਂ ਨੂੰ ਸ਼੍ਰੋਮਣੀ ਕਮੇਟੀ ਤੋਂ ਬਾਹਰ ਕੀਤਾ ਜਾਣਾ ਚਾਹੀਦਾ ਹੈ। ਅੰਮ੍ਰਿਤਸਰ ਵਾਸੀ ਬਲਦੇਵ ਸਿੰਘ ਸਿਰਸਾ ਨੇ ਪਟੀਸ਼ਨ ਦਾਖ਼ਲ ਕਰਦਿਆਂ 20 ਅਪ੍ਰੈਲ 1996 ਦੇ ਨੋਟੀਫਿਕੇਸ਼ਨ ਤੇ ਇਸ ਤੋਂ ਬਾਅਦ 17 ਸਤੰਬਰ 2009 ਦੇ ਨੋਟੀਫਿਕੇਸ਼ਨ ਨੂੰ ਰੱਦ ਕਰਨ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ (ਪ੍ਰਬੰਧਣ) ਐਕਟ 2014 ਸੂਬੇ ’ਚ ਲਾਗੂ ਹੋ ਚੁੱਕਿਆ ਹੈ ਤੇ ਇਸ ’ਤੇ ਸੁਪਰੀਮ ਕੋਰਟ ਵੀ ਮੋਹਰ ਲਾ ਚੁੱਕੀ ਹੈ। ਇਸ ਲਈ ਹਰਿਆਣੇ ’ਚ ਮੌਜੂਦ ਚੋਣ ਹਲਕਿਆਂ ਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ’ਚੋਂ ਹਟਾਇਆ ਜਾਵੇ ਤੇ ਚੋਣਾਂ ਲਈ ਨਵੇਂ ਸਿਰੇ ਤੋਂ ਚੋਣ ਹਲਕਿਆਂ ਨੂੰ ਨੋਟੀਫਾਈਡ ਕੀਤਾ ਜਾਵੇ।