ਪਟਿਆਲਾ , 24 ਜੁਲਾਈ 2023 – ਸਥਾਨਕ ਸ਼੍ਰੀ ਕਾਲੀ ਮਾਤਾ ਮੰਦਿਰ ਦੀ ਸੁਰੱਖਿਆ ’ਚ ਤੈਨਾਤ ਪੰਜਾਬ ਪੁਲਿਸ ਦੇ ਅੱਤਵਾਦ ਵਿਰੋਧੀ ਦਸਤੇ (ਏਟੀਐੱਸ) ਦੇ ਮੁਲਾਜ਼ਮ ਦੀ ਗੋਲ਼ੀ ਲੱਗਣ ਨਾਲ ਮੌਤ ਹੋਣ ਦੀ ਘਟਨਾ ਸਾਹਮਣੇ ਆਈ ਹੈ। ਮ੍ਰਿਤਕ ਮੁਲਾਜ਼ਮ ਦੀ ਪਛਾਣ ਜੱਗਾ ਸਿੰਘ (26) ਵਜੋਂ ਹੋਈ ਹੈ, ਜੋ ਕਿ ਰਾਜਪੁਰਾ ਨੇੜਲੇ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਘਟਨਾ ਐਤਵਾਰ ਦੇਰ ਰਾਤ ਵਾਪਰੀ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕੋਤਵਾਲੀ ਦੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚੇ। ਗੋਲ਼ੀ ਚੱਲਣ ਦਾ ਕਾਰਨ ਫਿਲਹਾਲ ਸਪੱਸ਼ਟ ਨਹੀਂ ਹੋ ਸਕਿਆ ਪ੍ਰੰਤੂ ਜਾਣਕਾਰੀ ਮਿਲੀ ਹੈ ਕਿ ਜੱਗਾ ਸਿੰਘ ਨੂੰ ਏਕੇ 47 ਦੀ ਗੋਲੀ ਲੱਗੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਦਾ ਪੱਤਾ ਲੱਗਣ ’ਤੇ ਆਰਾਮ ਕਰਨ ਗਏ ਉਸ ਦੇ ਸਾਥੀ ਕਰਮਚਾਰੀ ਵੀ ਮੌਕੇ ’ਤੇ ਪੁੱਜੇ।
ਜਾਣਕਾਰੀ ਅਨੁਸਾਰ ਕਰੀਬ 1 ਸਾਲ ਪਹਿਲਾਂ ਸ਼੍ਰੀ ਕਾਲੀ ਮਾਤਾ ਮੰਦਰ ’ਚ ਹੋਈ ਹਿੰਸਾ ਤੋਂ ਬਾਅਦ ਪੁਲਿਸ ਪ੍ਰਸਾਸ਼ਨ ਨੇ ਇੱਥੇ ਸਖ਼ਤ ਸੁਰੱਖਿਆ ਪਹਿਰਾ ਲਗਾਇਆ ਹੋਇਆ ਹੈ, ਜਿੱਥੇ ਮੰਦਰ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਦੇ ਜਵਾਨਾਂ ਤੋਂ ਇਲਾਵਾ ਏਟੀਐੱਸ ਫੋਰਸ ਵੀ ਤਾਇਨਾਤ ਸੀ ਅਤੇ ਜੱਗਾ ਸਿੰਘ ਦੀ ਡਿਊਟੀ ਮੰਦਿਰ ਦੇ ਪਿਛਲੇ ਪਾਸੇ ਝੀਲ ਵਾਲੇ ਪਾਸੇ ਲੱਗੀ ਹੋਈ ਸੀ। ਜਿੱਥੇ ਡਿਊਟੀ ਦੌਰਾਨ ਉਸ ਦੀ ਮੌਤ ਹੋ ਗਈ। ਐੱਸਪੀ ਸਿਟੀ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਘਟਨਾ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ।