ਪਟਿਆਲਾ, 08 ਦਸੰਬਰ 2023 – ਪਿੰਡ ਧਰਮਹੇੜ੍ਹੀ ਦੇ ਕਿਸਾਨ ਬਲਬੀਰ ਸਿੰਘ (60) ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਕਿਸਾਨ ਬਲਬੀਰ ਸਿੰਘ 2 ਏਕੜ ਪੰਚਾਇਤੀ ਜ਼ਮੀਨ ’ਤੇ ਵਾਹੀ ਕਰ ਕੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ। ਇਸ ਸਾਲ ਆਏ ਭਾਰੀ ਹੜ੍ਹ ਵਿਚ ਉਸ ਦੀਆਂ ਮੱਝਾਂ ਰੁੜ੍ਹ ਗਈਆਂ ਤੇ ਝੋਨੇ ਦੀ ਫਸਲ ਤਬਾਹ ਹੋ ਗਈ ਸੀ ਤੇ ਦੁਬਾਰਾ ਲਾਈ ਫਸਲ ਦਾ ਝਾੜ ਨਹੀਂ ਮਿਲਿਆ। ਕਣਕ ਦੀ ਬਿਜਾਈ ਵੀ ਹੁਣ ਤੱਕ ਨਹੀਂ ਹੋ ਸਕੀ ਜਿਸ ਕਾਰਨ ਕਿਸਾਨ ਬਲਬੀਰ ਸਿੰਘ ਪਰੇਸ਼ਾਨ ਰਹਿਣ ਲੱਗ ਪਿਆ।
ਪਿੰਡ ਵਾਸੀਆਂ ਨੇ ਦੱਸਿਆ ਕਿ ਕਿਸਾਨ ਬਲਬੀਰ ਸਿੰਘ ਨੇ ਵੀਰਵਾਰ ਸਵੇਰੇ 11 ਕੁ ਵਜੇ ਖੇਤਾਂ ਵਿਚ ਕਮਰੇ ਅੰਦਰ ਜਾ ਕੇ ਪੱਖੇ ਦੀ ਹੁੱਕ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪਰਿਵਾਰ ਨੇ ਇਸ ਸਾਰੀ ਘਟਨਾ ਦੀ ਜਾਣਕਾਰੀ ਪੁਲਿਸ ਚੌਕੀ ਰਾਮਨਗਰ ਨੂੰ ਦੇ ਦਿੱਤੀ ਹੈ। ਚੌਕੀ ਇੰਚਾਰਜ ਅੰਗਰੇਜ ਸਿੰਘ ਨੇ ਦੱਸਿਆ ਕਿ ਪੁਲਿਸ ਨੇ 174 ਦੀ ਕਾਰਵਾਈ ਕਰ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।