ਲੁਧਿਆਣਾ, 08 ਦਸੰਬਰ 2023 – ਕੇਂਦਰੀ ਜੇਲ੍ਹ ‘ਚ ਚੱਲ ਰਹੇ ਡਰੱਗ ਰੈਕਟ ਦਾ ਪਰਦਾਫਾਸ਼ ਕਰਦਿਆਂ ਐਸਟੀਐਫ ਲੁਧਿਆਣਾ ਦੀ ਟੀਮ ਨੇ 25 ਕਰੋੜ ਰੁਪਏ ਦੀ ਹੈਰੋਇਨ ਸਮੇਤ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਐਸਟੀਐਫ ਦੇ ਲੁਧਿਆਣਾ ਮੁਖੀ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਪਿੰਡ ਸਰੀਹ ਦੇ ਰਹਿਣ ਵਾਲੇ ਹਰਮਨਦੀਪ ਸਿੰਘ ਉਰਫ ਦੀਪ ਵਜੋਂ ਹੋਈ ਹੈ। ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਮੁਲਜ਼ਮ ਜੇਲ੍ਹ ‘ਚ ਬੈਠੇ ਆਪਣੇ ਆਕਾਵਾਂ ਦੇ ਕਹਿਣ ‘ਤੇ ਹੈਰੋਇਨ ਦੀ ਸਮਗਲਿੰਗ ਕਰ ਰਿਹਾ ਸੀ। ਪੁਲਿਸ ਨੇ ਮੁਲਜ਼ਮ ਖਿਲਾਫ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕਰਕੇ ਉਸ ਕੋਲੋਂ ਵਧੇਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਜਾਣਕਾਰੀ ਮਿਲੀ ਕਿ ਮੁਲਜ਼ਮ ਕਾਫੀ ਲੰਬੇ ਸਮੇਂ ਤੋਂ ਹੈਰੋਇਨ ਦੀ ਤਸਕਰੀ ਕਰ ਰਿਹਾ ਹੈ l ਪੁਲਿਸ ਨੂੰ ਪਤਾ ਲੱਗਾ ਕਿ ਉਹ ਆਪਣੀ ਹੋਡਾ ਸਿਟੀ ਕਾਰ ਵਿੱਚ ਸਵਾਰ ਹੋ ਕੇ ਗ੍ਰਾਹਕਾਂ ਨੂੰ ਹੈਰੋਇਨ ਸਪਲਾਈ ਦੇਣ ਲਈ ਭਾਰਤ ਨਗਰ ਚੌਂਕ ਵੱਲ ਆ ਰਿਹਾ ਹੈl ਜਾਣਕਾਰੀ ਤੋਂ ਬਾਅਦ ਪੁਲਿਸ ਪਾਰਟੀ ਨੇ ਲਵਲੀ ਆਟੋ ਦੇ ਕੋਲ ਨਾਕਾਬੱਧੀ ਕਰਕੇ ਮੁਲਜਮ ਨੂੰ ਹਿਰਾਸਤ ਵਿੱਚ ਲਿਆ l ਪੁਲਿਸ ਨੇ ਜਦ ਉਸ ਦੀ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਚੋਂ 4ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ l ਪੁਲਿਸ ਨੇ ਪੜਤਾਲ ਦੇ ਦੌਰਾਨ ਸਾਹਮਣੇ ਆਇਆ ਕਿ ਉਹ ਕਾਰਾਂ ਦੀ ਆਨਲਾਈਨ ਸੇਲ ਪਰਚੇਸ ਕਰਦਾ ਹੈ। ਪੁਲਿਸ ਨੂੰ ਇਹ ਵੀ ਪਤਾ ਲੱਗਾ ਕਿ ਮੁਲਜ਼ਮ ਜੇਲ ਵਿੱਚ ਬੈਠੇ ਹਵਾਲਾਤੀ ਗੋਲਡੀ ਅਤੇ ਅਮਨਦੀਪ ਦੇ ਕਹਿਣ ਤੇ ਹੈਰੋਇਨ ਦੀ ਤਸਕਰੀ ਕਰ ਰਿਹਾ ਸੀ l ਐਸਟੀਐਫ ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਮੁਲਜਮ ਕੋਲੋਂ ਪੁੱਛਗਿਛ ਕਰਕੇ ਹੋਰ ਜਾਣਕਾਰੀਆਂ ਇਕੱਠੀਆਂ ਕੀਤੀਆਂ ਜਾਣਗੀਆਂl