ਪਟਿਆਲਾ, 20 ਅਕਤੂਬਰ 2023- ਕੋਲੇ ਦੀ ਸਪਲਾਈ ਵਿਚ ਆਈ ਕਮੀ ਦਾ ਅਸਰ ਥਰਮਲਾਂ ’ਚ ਬਿਜਲੀ ਉਤਾਪਦਨ ’ਤੇ ਵੀ ਹੋਣ ਲੱਗਿਆ ਹੈ। ਖਦਾਨਾਂ ਤੋਂ ਹੋਣ ਵਾਲੀ ਕੋਲੇ ਦੀ ਸਪਲਾਈ ਇਸ ਮਹੀਨੇ ਅੱਧੀ ਰਹਿ ਗਈ ਹੈ। ਮੌਸਮ ਵਿਚ ਆਈ ਤਬਦੀਲੀ ਕਰਕੇ ਭਾਵੇਂ ਬਿਜਲੀ ਦੀ ਮੰਗ ਘਟੀ ਹੈ ਪਰ ਕੋਲੇ ਦੀ ਘਾਟ ਕਰਕੇ ਗੋਇੰਦਵਾਲ ਥਰਮਲ ਪਲਾਂਟ ਦਾ ਇਕ ਯੂਨਿਟ 21 ਦਿਨ ਤੋਂ ਬੰਦ ਹੈ। ਇਸ ਮਹੀਨੇ ਹੁਣ ਤੱਕ ਪੀਐੱਸਪੀਸੀਐੱਲ ਨੂੰ 114.36 ਕਰੋੜ ਦੀ ਬਿਜਲੀ ਬਾਹਰੋਂ ਖਰੀਦਣੀ ਪਈ ਹੈ।
ਜਾਣਕਾਰੀ ਅਨੁਸਾਰ ਆਮ ਦਿਨਾਂ ਵਿਚ ਪੰਜਾਬ ਵਿਚ ਰੇਲ ਰਾਹੀਂ ਕੋਲੇ ਦੀ 27 ਤੋਂ 30 ਰੈਕ ਰੋਜ਼ਾਨਾ ਪੁੱਜਦੇ ਹਨ। ਇਕ ਰੈਕ ਵਿਚ ਕਰੀਬ ਚਾਰ ਹਜ਼ਾਰ ਮੀਟ੍ਰਿਕ ਟਨ ਕੋਲ ਹੁੰਦਾ ਹੈ। ਇਸ ਤਰ੍ਹਾਂ 30 ਰੈਕ ’ਚ 1.20 ਲੱਖ ਮੀਟ੍ਰਿਕ ਟਨ ਕੋਲਾ ਪੰਜਾਬ ਦੇ ਪੰਜ ਥਰਮਲਾਂ ਵਿਚ ਵਿਚ ਪੁੱਜਦਾ ਹੈ ਪ੍ਰੰਤੂ ਇਨਾਂ ਦਿਨਾਂ ਵਿਚ ਕੋਲੇ ਦੀ ਸਪਲਾਈ ਘਟ ਕੇ ਸਿਰਫ 68 ਮੀਟ੍ਰਿਕ ਟਨ ਤੱਕ ਰਹਿ ਗਈ ਹੈ। ਪੰਜਾਬ ਦੇ ਲਹਿਰਾ ਮੁਹਬਤ ਪਲਾਂਟ ’ਚ ਪ੍ਰਤੀ ਦਿਨ 12.6 ਮੀਟ੍ਰਿਕ ਟਨ, ਰੋਪੜ ’ਚ 11.8, ਗੋਇੰਦਵਾਲ ਸਾਹਿਬ ’ਚ 7.8, ਰੋਪੜ ’ਚ 16.1 ਤੇ ਤਵਲੰਡੀ ਸਾਬੋ ਪਲਾਂਟ ਵਿਚ 27.3 ਮੀਟ੍ਰਿਕ ਟਨ ਕੋਲੇ ਦੀ ਲੋੜ ਹੈ। 17 ਅਕਤੂਬਰ ਨੂੰ ਲਹਿਰਾ ਮੁਹਬਤ ’ਚ 23 ਮੀਟ੍ਰਿਕ ਟਨ, ਰੋਪੜ ਅਤੇ ਗੋਇੰਦਵਾਲ ਸਾਹਿਬ ਪਲਾਂਟ ’ਚ 04, ਰਾਜਪੁਰਾ ’ਚ 24 ਅਤੇ ਤਲਵੰਡੀ ਸਾਬੋ ਪਲਾਂਟ ’ਚ 13 ਮੀਟ੍ਰਿਕ ਟਨ ਕੋਲਾ ਪੁੱਜਾ ਹੈ। ਮੌਜੂਦਾ ਸਮੇਂ ਤਵਲੰਡੀ ਸਾਬੋ ’ਚ 1.2 ਦਿਨ, ਗੋਇੰਦਵਾਲ ਸਾਹਿਬ ’ਚ 2.5 ਦਿਨ, ਰਾਜਪੁਰਾ ’ਚ 9.2 ਦਿਨ, ਲਹਿਰਾ ਮੁਹਬਤ ’ਚ 9.7 ਦਿਨ ਅਤੇ ਰੋਪੜ ’ਚ 23.5 ਦਿਨ ਦਾ ਕੋਲਾ ਮੌਜੂਦ ਹੈ।
ਕੋਲੇ ਦੀ ਸਪਲਾਈ ਘਟਣ ਨਾਲ ਓਪਨ ਅਕਸਚੇਂਜ ਬਿਜਲੀ ਦੀ ਮੰਗ ਦੇ ਨਾਲ ਮੁੱਲ ਵਿਚ ਵੀ ਤਬਦੀਲੀ ਆਈ ਹੈ। ਮੋਜੂਦਾ ਸਮੇਂ ਦੇਸ਼ ਭਰ ਵਿਚ ਬਿਜਲੀ ਦੀ ਮੰਗ 220 ਗੀਗਾ ਵਾਟ ਤੱਕ ਪੁੱਜ ਗਈ ਹੈ ਜਿਸ ਕਰਕੇ ਓਪਨ ਅਕਸਚੇਂਜ ’ਚ ਬਿਜਲੀ ਦਾ ਮੁੱਲ ਦਿਨ ਸਮੇਂ 3.65 ਰੁਪਏ ਤੇ ਰਾਤ ਸਮੇਂ 10 ਰੁਪਏ ਪ੍ਰਤੀ ਯੂਨਿਟ ਤੱਕ ਪੁੱਜ ਗਿਆ ਹੈ। ਪੀਐੱਸਪੀਸੀਐੱਲ ਨੇ ਅਕਤੂਬਰ ਮਹੀਨੇ ਵਿਚ ਹੁਣ ਤੱਕ 4.93 ਰੁਪਏ ਪ੍ਰਤੀ ਯੂਨਿਟ ਔਸਤਨ ਮੁੱਲ ’ਤੇ 231.92 ਮੀਲੀਅਨ ਯੂਨਿਟ ਬਿਜਲੀ 114.36 ਕਰੋੜ ਦੀ ਲਾਗਤ ਨਾਲ ਖ੍ਰੀਦੀ ਹੈ। ਜਦੋਂਕਿ ਇਸ ਸਾਲ ਵਿਚ ਹੁਣ ਤੱਕ ਪੰਜਾਬ ਨੇ 4.43 ਰੁਪਏ ਪ੍ਰਤੀ ਯੂਨਿਟ ਔਸਤਨ ਮੁੱਲ ’ਤੇ 2540.4 ਮੀਲੀਅਨ ਯੂਨਿਟ ਬਿਜਲੀ 1085 ਕਰੋੜ ਦੀ ਲਾਗਤ ਨਾਲ ਖ੍ਰੀਦੀ ਹੈ।
ਇਥੇ ਸਥਿਤੀ ਚਿੰਤਾਜਨਕ
ਨਿੱਜੀ ਖੇਤਰ ਦੇ ਗੋਇੰਦਵਾਲ ਤੇ ਤਲਵੰਡੀ ਸਾਬੋ ਪਲਾਂਟ ’ਚ ਕੋਲੇ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਕੋਲੇ ਦੀ ਘਾਟ ਕਰਕੇ ਗੋਇੰਦਵਾਲ ਥਰਮਲ ਪਲਾਂਟ ਦੀ ਯੂਨਿਟ ਨੰਬਰ 21 ਦਿਨ ਤੋਂ ਬੰਦ ਹੈ, ਇਥੇ ਹੁਣ ਢਾਈ ਦਿਨ ਦਾ ਕੋਲਾ ਬਚਿਆ ਹੈ। ਜਦੋਂਕਿ ਤਲਵੰਡੀ ਸਾਬੋ ਪਲਾਂਟ ਵਿਚ 1.3 ਦਿਨ ਦਾ ਕੋਲਾ ਬਾਕੀ ਹੈ। ਗੋਇੰਦਵਾਲ ਪਲਾਂਟ ਦੇ 270 ਮੈਗਾਵਾਟ ਸਮਰੱਥਾ ਵਾਲਾ ਇਕ ਨੰਬਰ ਯੂਨਿਟ 28 ਸਤੰਬਰ ਨੂੰ ਕੋਲੇ ਦੀ ਘਾਟ ਕਰਕੇ ਬੰਦ ਕੀਤਾ ਗਿਆ ਸੀ ਜੋਕਿ ਵੀਰਵਾਰ ਤੱਕ ਬੰਦ ਰਿਹਾ। ਇਸੇ ਪਲਾਂਟ ਦਾ ਦੋ ਨੰਬਰ ਯੂਨਿਟ ਵੀ ਕੋਲੇ ਦੀ ਘਾਟ ਕਰਕੇ 11 ਤੋਂ 17 ਅਕਤੂਬਰ ਤੱਕ ਇਕ ਹਫਤਾ ਬੰਦ ਰਿਹਾ ਹੈ। ਮੋਜੂਦਾ ਸਮੇਂ ਇਸ ਪਲਾਂਟ ‘ਚ 9.7 ਦਿਨ ਦਾ ਕੋਲਾ ਮੋਜੂਦ ਹੈ। 1980 ਮੈਗਾਵਾਟ ਸਮਰੱਥਾ ਵਾਲੇ ਤਲਵੰਡੀ ਸਾਬੋ ਪਲਾਂਟ ਦੇ ਤਿੰਨ ਯੂਨਿਟ ਸਮਰੱਥਾ ’ਤੇ ਕੰਮ ਕਰ ਰਹੇ ਹਨ ਤੇ ਇਥੇ ਵੀ ਕੋਲੇ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ।