ਅੰਮਿ੍ਤਸਰ, 05 ਦਸੰਬਰ 2023 – ਨਰੈਣਗੜ੍ਹ ਇੰਡੀਆ ਗੇਟ ਨਜ਼ਦੀਕ ਸਥਿਤ ਗਊਸ਼ਾਲਾ ‘ਚ ਸੱਤ ਗਊਆਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੁਲਿਸ, ਪਸ਼ੂ ਪੇ੍ਮੀ ਸੰਗਠਨ ਦੇ ਨੁਮਾਇੰਦੇ ਤੇ ਸ਼ਿਵ ਸੈਨਿਕ ਗਊਸ਼ਾਲਾ ‘ਚ ਪਹੁੰਚ ਗਏ। ਮੁੱਢਲੀ ਜਾਂਚ ‘ਚ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਨਾਂ੍ਹ ਗਊਆਂ ਨੂੰ ਕਿਸੇ ਨੇ ਕੋਈ ਜ਼ਹਿਰੀਲੀ ਚੀਜ਼ ਖੁਆ ਦਿੱਤੀ, ਜੋ ਇਨਾਂ੍ਹ ਦੀ ਮੌਤ ਦਾ ਕਾਰਨ ਬਣਿਆ।
ਗਊਆਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਥਾਣਾ ਘਰਿੰਡਾ ਵੱਲੋਂ ਕਰਵਾਇਆ ਜਾਵੇਗਾ। ਦਰਅਸਲ ਅਟਾਰੀ ਰੋਡ ‘ਤੇ ਸਥਿਤ ਇੰਡੀਆ ਗੇਟ ਨਜ਼ਦੀਕ ਨਗਰ ਨਿਗਮ ਦੀ ਗਊਸ਼ਾਲਾ ਹੈ। ਰਾਸ਼ਟਰੀ ਗਊਸੇਵਾ ਮਹਾਸੰਘ ਦੇ ਕੌਮੀ ਪ੍ਰਧਾਨ ਡਾ. ਰੋਹਨ ਮਹਿਰਾ ਅਨੁਸਾਰ ਉਨਾਂ੍ਹ ਨੂੰ ਸੂਚਨਾ ਮਿਲੀ ਸੀ ਕਿ ਗਊਸ਼ਾਲਾ ‘ਚ ਕੁਝ ਗਊਆਂ ਮਰ ਗਈਆਂ ਹਨ। ਉਹ ਮੰਗਲਵਾਰ ਨੂੰ ਆਪਣੀ ਟੀਮ ਨਾਲ ਇੱਥੇ ਪੁੱਜੇ ਸਨ। ਸੱਤ ਗਾਵਾਂ ਦੀ ਮੌਤ ਹੋ ਗਈ ਸੀ, ਜਦੋਂਕਿ ਕੁਝ ਗਾਵਾਂ ਦੀ ਹਾਲਤ ਠੀਕ ਨਹੀਂ ਸੀ। ਇਸ ਸਬੰਧੀ ਸੂਚਨਾ ਮਿਲਣ ‘ਤੇ ਥਾਣਾ ਘਰਿੰਡਾ ਦੀ ਪੁਲਿਸ ਵੀ ਮੌਕੇ ‘ਤੇ ਪੁੱਜ ਗਈ। ਗਊਸ਼ਾਲਾ ਦੇ ਪ੍ਰਬੰਧਕ ਮੋਹਿਤ ਨੇ ਦੱਸਿਆ ਕਿ ਸ਼ਾਇਦ ਕਿਸੇ ਨੇ ਗਊਆਂ ਨੂੰ ਕੋਈ ਜ਼ਹਿਰੀਲੀ ਚੀਜ਼ ਖੁਆਈ ਹੋਵੇਗੀ। ਪੁਲਿਸ ਵੱਲੋਂ ਮੋਹਿਤ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬੁੱਧਵਾਰ ਨੂੰ ਪਸ਼ੂ ਹਸਪਤਾਲ ‘ਚ ਮਰੀਆਂ ਗਾਵਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ। ਇਸ ਦੀ ਰਿਪੋਰਟ ਆਉਣ ‘ਤੇ ਪਤਾ ਲੱਗੇਗਾ ਕਿ ਗਾਵਾਂ ਦੀ ਮੌਤ ਦਾ ਕਾਰਨ ਕੀ ਸੀ। ਜਦੋਂ ਕਿ ਡਾ. ਰੋਹਨ ਨੇ ਕਿਹਾ ਕਿ ਜਿਸ ਨੇ ਵੀ ਇਹ ਕਾਰਾ ਕੀਤਾ ਹੈ, ਉਹ ਮਾਫ਼ੀ ਯੋਗ ਨਹੀਂ ਹੋਵੇਗਾ। ਪੁਲਿਸ ਨੂੰ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਨਿਗਮ ਦੇ ਹੈਲਥ ਅਫ਼ਸਰ ਡਾ. ਯੋਗੇਸ਼ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਸਬੰਧੀ ਕੋਈ ਜਾਣਕਾਰੀ ਹੈ, ਉਹ ਜਾਂਚ ਕਰਵਾੳੇੁਣਗੇ।