ਬਠਿੰਡਾ, 21 ਮਈ 2023 – ਡੱਬਵਾਲੀ ਰੋਡ ‘ਤੇ ਸਥਿਤ ਗਿਆਨੀ ਜ਼ੈਲ ਸਿੰਘ ਇੰਜੀਨੀਅਰਿੰਗ ਕਾਲਜ ‘ਚ ਸ਼ਨੀਵਾਰ ਦੇਰ ਰਾਤ ਵਿਦਿਆਰਥੀਆਂ ਦੇ ਦੋ ਧੜੇ ਆਪਸ ‘ਚ ਭਿੜ ਗਏ। ਇਸ ਵਿਚ ਸਥਾਨਕ ਵਿਦਿਆਰਥੀਆਂ ਨੇ ਬਾਹਰਲੇ ਰਾਜਾਂ ਤੋਂ ਬਠਿੰਡਾ ਵਿਚ ਪੜ੍ਹਦੇ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਇਕ ਵਿਦਿਆਰਥੀ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜਿਸ ਕਾਰਨ ਬਾਹਰੋਂ ਆਏ ਵਿਦਿਆਰਥੀਆਂ ਨੇ ਸ਼ਨੀਵਾਰ ਦੇਰ ਰਾਤ ਕਾਲਜ ਦੇ ਬਾਹਰ ਸੜਕ ਜਾਮ ਕਰ ਕੇ ਹੰਗਾਮਾ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਹਾਲਾਂਕਿ ਹਮਲਾ ਕਰਨ ਵਾਲੇ ਨੌਜਵਾਨਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਪਰ ਹੰਗਾਮਾ ਕਰਨ ਵਾਲੇ ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਹਮਲਾਵਰ ਬਾਹਰੀ ਵਿਅਕਤੀ ਸਨ, ਜਿਨ੍ਹਾਂ ਨੂੰ ਕਾਲਜ ਦੇ ਇਕ ਵਿਦਿਆਰਥੀ ਨੇ ਬੁਲਾਇਆ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਵਿਦਿਆਰਥੀਆਂ ਨੂੰ ਸਮਝਾ ਕੇ ਮਾਮਲਾ ਸ਼ਾਂਤ ਕਰਵਾਇਆ ਅਤੇ ਹਮਲਾ ਕਰਨ ਵਾਲੇ ਨੌਜਵਾਨਾਂ ਦੀ ਪਛਾਣ ਕਰ ਕੇ ਜਲਦ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ।
ਉੱਥੇ ਹੀ ਜ਼ਖਮੀ ਵਿਦਿਆਰਥੀ ਨੂੰ ਦੇਰ ਰਾਤ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਨੌਜਵਾਨ ਦੇ ਹੱਥ ਦੀ ਇਕ ਉਂਗਲ ਕੱਟ ਦਿੱਤੀ ਗਈ ਹੈ। ਵਰਧਮਾਨ ਚੌਕੀ ਪੁਲਿਸ ਨੇ ਜ਼ਖਮੀ ਨੌਜਵਾਨ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।